ਸਰਕਾਰ ਨੇ ਕੀਤੇ ਸਨ ਹੜ੍ਹ ਨਾਲ ਨਜਿੱਠਣ ਦੇ ਪੂਰੇ ਇੰਤਜ਼ਾਮ, ਜ਼ਿਆਦਾ ਮੀਂਹ ਕਾਰਨ ਵਿਗੜੇ ਹਾਲਾਤ: ਜੌੜਾਮਾਜਰਾ

Sunday, Jul 30, 2023 - 11:38 AM (IST)

ਸਰਕਾਰ ਨੇ ਕੀਤੇ ਸਨ ਹੜ੍ਹ ਨਾਲ ਨਜਿੱਠਣ ਦੇ ਪੂਰੇ ਇੰਤਜ਼ਾਮ, ਜ਼ਿਆਦਾ ਮੀਂਹ ਕਾਰਨ ਵਿਗੜੇ ਹਾਲਾਤ: ਜੌੜਾਮਾਜਰਾ

ਜਲੰਧਰ/ਚੰਡੀਗੜ੍ਹ- ਪੰਜਾਬ ਵਿਚ ਹੁਣ ਵੀ ਕਈ ਥਾਂਵਾਂ ’ਤੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਮਾਲਵੇ ਦੇ ਵੱਡੇ ਖੇਤਰ ਵਿਚ ਹੜ੍ਹ ਦੀ ਸਭ ਤੋਂ ਵੱਡੀ ਵਜ੍ਹਾ ਘੱਗਰ ਸਾਬਿਤ ਹੋਇਆ ਹੈ ਅਤੇ ਇਸ ਦੀ ਮਾਰ ਹੇਠ ਆਉਂਦਾ ਹੈ ਪਟਿਆਲਾ ਜ਼ਿਲ੍ਹੇ ਦਾ ਵੱਡਾ ਇਲਾਕਾ। ਇਸ ਜ਼ਿਲ੍ਹੇ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿਚ ਸ਼ਾਮਲ ਹਨ ਚੇਤਨ ਸਿੰਘ ਜੌੜਾਮਾਜਰਾ। ਹੜ੍ਹ ਨਾਲ ਸਮਾਣਾ, ਪਾਤੜਾਂ, ਸ਼ੁਤਰਾਣਾ ਦੇ ਇਲਾਕਿਆਂ ਵਿਚ ਪਾਣੀ ਭਰਨ ’ਤੇ ਮੰਤਰੀ ਜੌੜਾਮਾਜਰਾ ਨੂੰ ਪਾਣੀ ਵਿਚ ਉੱਤਰ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਖ਼ੁਦ ਮੋਰਚਾ ਸੰਭਾਲਦਿਆਂ ਵੇਖਿਆ ਗਿਆ। ਜੌੜਾਮਾਜਰਾ ਕੋਲ ਭਗਵੰਤ ਮਾਨ ਸਰਕਾਰ ਵਿਚ ਸੂਚਨਾ ਅਤੇ ਜਨਸੰਪਰਕ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਅਹਿਮ ਵਿਭਾਗ ਹਨ। ਮੰਤਰੀ ਚੇਤਨ ਸਿੰਘ ਜੌੜਾਮਾਜਰਾ ‘ਪੰਜਾਬ ਕੇਸਰੀ’ ਗਰੁੱਪ ਦੇ ਦਫ਼ਤਰ ਵਿਚ ਪੁੱਜੇ ਅਤੇ ਉਥੇ ਪੰਜਾਬ ਕੇਸਰੀ ਦੇ ਰਮਨਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਸੂਬੇ ਦੀ ਮੌਜੂਦਾ ਹਾਲਤ ਅਤੇ ਉਨ੍ਹਾਂ ਦੇ ਵਿਭਾਗਾਂ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:

-ਹੜ੍ਹ ਨਾਲ ਸੂਬੇ ਦੇ ਹਾਲਾਤ ਕਾਫ਼ੀ ਵਿਗੜੇ, ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਲੱਖਾਂ ਏਕੜ ਫ਼ਸਲਾਂ ਬਰਬਾਦ ਹੋਈਆਂ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਹੜ੍ਹ ਕਾਰਨ ਚਲੀ ਗਈ। ਸਰਕਾਰੀ ਪੱਧਰ ’ਤੇ ਹੜ੍ਹ ਦੌਰਾਨ ਕਾਫ਼ੀ ਵੱਡੇ ਪੱਧਰ ’ਤੇ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਲਗਾਇਆ ਗਿਆ ਸੀ ਪਰ ਹੁਣ ਲੋਕ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਨ। ਕੀ ਸਰਕਾਰ ਦੀ ਕੋਈ ਮੁਆਵਜ਼ਾ ਦੇਣ ਸਬੰਧੀ ਯੋਜਨਾ ਬਣੀ ਹੈ?
-ਬਿਲਕੁਲ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਧਰਾਤਲ ਨਾਲ ਜੁੜੇ ਹੋਏ ਨੇਤਾ ਹਨ ਅਤੇ ਪੰਜਾਬ ਦੇ ਹਰ ਦੁੱਖ਼-ਦਰਦ ਦੀ ਉਨ੍ਹਾਂ ਨੂੰ ਜਾਣਕਾਰੀ ਹੈ। ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਵੀ ਉਨ੍ਹਾਂ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖੁਦ ਪਾਣੀ ਵਿਚ ਉੱਤਰ ਕੇ ਜਾਣਕਾਰੀ ਹਾਸਲ ਕੀਤੀ ਹੈ। ਅਜੇ ਵੀ ਸਰਕਾਰ ਵਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਕੈਬਨਿਟ ਬੈਠਕ ਵਿਚ ਵੀ ਇਸ ’ਤੇ ਕਾਫ਼ੀ ਚਰਚਾ ਕੀਤੀ ਗਈ ਸੀ ਅਤੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਗਸਤ ਦੇ ਪਹਿਲੇ ਪੰਦਰਵਾੜੇ ਦੌਰਾਨ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਵਿਚ ਫ਼ਸਲਾਂ, ਪਸ਼ੂ ਧਨ ਦੇ ਨੁਕਸਾਨ ਦੇ ਨਾਲ-ਨਾਲ ਇਮਾਰਤਾਂ ਨੂੰ ਪੁੱਜੇ ਨੁਕਸਾਨ ਦੀ ਰਿਪੋਰਟ ਵੀ ਸ਼ਾਮਲ ਹੋਵੇਗੀ।

ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ

-ਵਿਰੋਧੀ ਕਹਿ ਰਹੇ ਹਨ ਕਿ ਹੜ੍ਹ ਦਾ ਕਾਰਨ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਮੀਂਹ ਤੋਂ ਪਹਿਲਾਂ ਤਿਆਰੀ ਜਾਂ ਸਾਫ਼-ਸਫ਼ਾਈ ਨਹੀਂ ਕਰਵਾਈ ਗਈ?
-ਨਹੀਂ, ਅਜਿਹਾ ਨਹੀਂ ਹੈ। ਸਰਕਾਰ-ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ’ਤੇ ਸਬੰਧਤ ਵਿਭਾਗਾਂ ਵੱਲੋਂ ਨਾ ਸਿਰਫ਼ ਡਰੇਨਾਂ ਦੀ ਸਫ਼ਾਈ ਕਰਵਾਈ ਗਈ ਸੀ, ਸਗੋਂ ਕਈ ਥਾਂਵਾਂ ’ਤੇ ਕਮਜ਼ੋਰ ਬੰਨ੍ਹ-ਕਿਨਾਰਿਆਂ ਨੂੰ ਮਜਬੂਤ ਵੀ ਕਰਵਾਇਆ ਗਿਆ ਸੀ ਪਰ ਇਹ ਜੱਗ ਜ਼ਾਹਰ ਹੈ ਕਿ ਇਸ ਵਾਰ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚ ਔਸਤ ਤੋਂ ਕਿਤੇ ਜ਼ਿਆਦਾ ਮੀਂਹ ਪਿਆ ਅਤੇ ਜਿਸ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ। ਹੜ੍ਹ ਆਉਣ ਦੇ ਨਾਲ ਹੀ ਸਰਕਾਰ ਵੱਲੋਂ ਰਾਹਤ ਕਾਰਜ ਵੀ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਪਹਿਲੇ ਦਿਨ ਤੋਂ ਹੀ ਮੈਂ ਵੀ ਆਪਣੀ ਪੂਰੀ ਟੀਮ ਦੇ ਨਾਲ ਰਾਹਤ ਕੰਮਾਂ ਵਿਚ ਪ੍ਰਸ਼ਾਸਕੀ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ। ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਰਾਹਤ ਕੰਮਾਂ ਵਿਚ ਜੁਟੇ ਹੋਏ ਸਨ।

-ਰਾਹਤ ਕੰਮਾਂ ਦੌਰਾਨ ਵਿਵਾਦ ਵੀ ਹੋਇਆ। ਖੂਬ ਚਰਚਾ ਰਹੀ ਉਸ ਦੀ, ਕੀ ਹੋਇਆ ਸੀ?
-ਜੋ ਵੀ ਹੋਇਆ, ਬਿਲਕੁਲ ਗੈਰ-ਜ਼ਰੂਰੀ ਸੀ। ਉਹ (ਬੀਬੀ ਜੈ ਇੰਦਰ ਕੌਰ) ਜ਼ਿੱਦ ਕਰ ਰਹੇ ਸਨ ਕਿ ਉਨ੍ਹਾਂ ਨੇ ਇਕ ਕਿਸ਼ਤੀ ਲੈ ਕੇ ਪਿੰਡ ਵਿਚ ਲੋਕਾਂ ਕੋਲ ਜਾਣਾ ਹੈ, ਜਦੋਂ ਕਿ ਰਾਹਤ ਕੰਮਾਂ ਵਿਚ ਜੁਟਿਆ ਸਟਾਫ਼ ਕਹਿ ਰਿਹਾ ਸੀ ਕਿ ਜਿਸ ਕਿਸ਼ਤੀ ਨੂੰ ਜਿਸ ਪਾਸੇ ਵੱਲ ਉਹ ਲਿਜਾਣ ਦੀ ਗੱਲ ਕਹਿ ਰਹੇ ਹਨ, ਉੱਥੇ ਖ਼ਤਰਾ ਹੈ ਕਿਉਂਕਿ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਪਸ਼ੂਆਂ ਤੋਂ ਬਚਾਉਣ ਲਈ ਕੰਡਿਆਲੀ ਤਾਰ ਲਗਾਈ ਹੋਈ ਸੀ ਅਤੇ ਕਿਸ਼ਤੀ ਦੇ ਪੰਕਚਰ ਹੋਣ ਨਾਲ ਸਵਾਰ ਲੋਕਾਂ ਦੀ ਜਾਨ ਦਾ ਜ਼ੋਖ਼ਮ ਸੀ, ਇਸ ਲਈ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਦੂਜੀ ਕਿਸ਼ਤੀ ਦੇ ਵਾਪਸ ਆਉਣ ਤੱਕ ਇੰਤਜ਼ਾਰ ਕਰਨ ਪਰ ਉਹ ਨਹੀਂ ਮੰਨੇ। ਬਹਿਰਹਾਲ, ਸਾਡੀ ਟੀਮ ਤਾਂ ਉਸ ਵਿਵਾਦ ਤੋਂ ਬਾਅਦ ਵੀ ਕਈ ਦਿਨਾਂ ਤੱਕ ਉੱਥੇ ਲੋਕਾਂ ਦੀ ਸਹਾਇਤਾ ਲਈ ਲੱਗੀ ਰਹੀ ਪਰ ਉਹ ਦੋਬਾਰਾ ਨਹੀਂ ਆਏ। ਬਾਅਦ ਵਿਚ ਪਤਾ ਲੱਗਿਆ ਕਿ ਸ਼ਾਹੀ ਪਰਿਵਾਰ ਨੇ ਨੱਥ-ਚੂੜਾ ਚੜ੍ਹਾਇਆ ਹੈ। ਇਹ ਵੀ ਅੱਖਾਂ ਵਿਚ ਧੂੜ ਝੋਂਕਣ ਵਾਲੀ ਗੱਲ ਹੈ ਕਿਉਂਕਿ ਜੇਕਰ ਨੱਥ-ਚੂੜੇ ਨਾਲ ਹੀ ਹੜ੍ਹ ਦਾ ਪਾਣੀ ਉਤਰਨਾ ਸੀ ਤਾਂ ਉਹ ਲੋਕ ਪਹਿਲੇ ਦਿਨ ਹੀ ਚੜ੍ਹਾ ਦਿੰਦੇ ਪਰ ਅਕਸਰ ਵੇਖਿਆ ਗਿਆ ਹੈ ਕਿ ਮੀਂਹ ਰੁਕਣ ਅਤੇ ਪਾਣੀ ਦੇ ਉਤਰਨਾ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਇਸ ਭਰਮਾਉਣ ਵਾਲੇ ਕਾਰਜ ਲਈ।

ਇਹ ਵੀ ਪੜ੍ਹੋ- ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

-ਫਿਰੋਜ਼ਪੁਰ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਮਿਰਚ ਉਤਪਾਦਕ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਉਠਾਉਣੀਆਂ ਪੈ ਰਹੀਆਂ ਹਨ। ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਦੇ ਲਈ ਕੀ ਯੋਜਨਾ ਹੈ?
-ਫਿਰੋਜ਼ਪੁਰ ਪੰਜਾਬ ਵਿਚ ਸਭ ਤੋਂ ਜ਼ਿਆਦਾ ਮਿਰਚ ਉਤਪਾਦਨ ਵਾਲਾ ਇਲਾਕਾ ਹੈ। ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਕਿਸਾਨਾਂ ਨੂੰ ਉਤਸ਼ਾਹਿਤ ਕਰ ਕੇ ਮਿਰਚ ਅਸਟੇਟ ਵਿਚ ਸ਼ਾਮਲ ਕੀਤਾ ਜਾਵੇ। ਫੂਡ ਪ੍ਰੋਸੈਸਿੰਗ ਪਲਾਂਟ ਰਾਹੀਂ ਮਿਰਚ ਦੀ ਫਸਲ ਨੂੰ ਪੇਸਟ ਦੇ ਰੂਪ ਵਿਚ ਤਿਆਰ ਕਰਕੇ ਵਿਦੇਸ਼ਾਂ ਵਿਚ ਭੇਜਣ ਦੀ ਯੋਜਨਾ ’ਤੇ ਵੀ ਕੰਮ ਚੱਲ ਰਿਹਾ ਹੈ, ਜਿਸ ਦੇ ਨਾਲ ਮਿਰਚ ਦੀ ਪੂਰੀ ਫ਼ਸਲ ਦੀ ਖ਼ਪਤ ਵੀ ਹੋ ਜਾਵੇ ਅਤੇ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲਣ ਲੱਗੇ। ਇਸ ਨਾਲ ਨਾ ਸਿਰਫ਼ ਕਿਸਾਨ ਖ਼ੁਸ਼ਹਾਲ ਹੋਣਗੇ, ਸਗੋਂ ਪ੍ਰੋਸੈਸਿੰਗ ਯੂਨਿਟਾਂ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਪੰਜਾਬ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ। ਇਸੇ ਤਰ੍ਹਾਂ ਬਾਗਬਾਨੀ ਦੇ ਹੋਰ ਵੀ ਕਈ ਪ੍ਰੋਜੈਕਟ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਬਜਾਏ ਫਲ-ਸਬਜ਼ੀਆਂ ਦੇ ਉਤਪਾਦਨ ਵਿਚ ਲਗਾਇਆ ਜਾਵੇਗਾ।

-ਸਬਜ਼ੀਆਂ ’ਤੇ ਐੱਮ. ਐੱਸ. ਪੀ. ਦੀ ਵੀ ਤਿਆਰੀ ਸੀ, ਉਸ ਦਾ ਕੀ ਹੋਇਆ?
-ਮਿਰਚ ਅਤੇ ਗੋਭੀ ਵਰਗੀਆਂ ਚਾਰ ਫ਼ਸਲਾਂ ’ਤੇ ਐੱਮ. ਐੱਸ. ਪੀ. ਦੇਣ ’ਤੇ ਵਿਚਾਰ ਕੀਤਾ ਗਿਆ ਸੀ। ਇਸ ਵਿਚ ਤੈਅ ਹੋਇਆ ਸੀ ਕਿ ਕਿਸਾਨ ਫ਼ਸਲਾਂ ਨੂੰ ਮੰਡੀ ਵਿਚ ਵੇਚਦੇ ਹਨ ਤਾਂ ਤੈਅ ਕੀਤੇ ਗਏ ਐੱਮ. ਐੱਸ. ਪੀ. ਅਤੇ ਬਾਜ਼ਾਰ ਦੇ ਭਾਅ ਵਿਚ ਜੋ ਅੰਤਰ ਹੋਵੇਗਾ, ਉਹ ਸਰਕਾਰ ਦੇਵੇਗੀ ਪਰ ਇਸ ਵਿਚ ਸਭ ਤੋਂ ਵੱਡੀ ਮੁਸ਼ਕਿਲ ਇਹ ਆ ਰਹੀ ਹੈ ਕਿ ਇਨ੍ਹਾਂ ਉਤਪਾਦਾਂ ਲਈ ਜੇ. ਫ਼ਾਰਮ ਨਹੀਂ ਮਿਲਦਾ, ਜਿਸ ਨਾਲ ਪਤਾ ਨਹੀਂ ਲੱਗਦਾ ਕਿ ਕਿਸ ਨੇ ਕਿੰਨਾ ਉਤਪਾਦ ਵੇਚਿਆ ਹੈ। ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ।

-ਤੁਸੀਂ ਦੁਬਈ ਵੀ ਹੋ ਕੇ ਆਏ ਹੋ, ਉੱਥੇ ਕੀ ਆਯੋਜਨ ਸੀ?
-ਦੁਬਈ ਵਿਚ ਬਹੁਤ ਵੱਡੇ ਪੱਧਰ ’ਤੇ ਵੱਖ-ਵੱਖ ਤਰ੍ਹਾਂ ਦੇ ਫ਼ਲ-ਸਬਜ਼ੀਆਂ ਅਤੇ ਹੋਰ ਖ਼ੁਰਾਕ ਉਤਪਾਦਾਂ ਦਾ ਇੰਪੋਰਟ-ਐਕਸਪੋਰਟ ਹੁੰਦਾ ਹੈ। ਅਸੀਂ ਪੰਜਾਬ ਦੀਆਂ ਫ਼ਸਲਾਂ ਦੀ ਉੱਥੇ ਵਿਕਰੀ ਦੀਆਂ ਸੰਭਾਵਨਾਵਾਂ ਲੱਭਣ ਗਏ ਸੀ ਕਿਉਂਕਿ ਉੱਥੇ ਫੂਡ ਫੈਸਟੀਵਲ ਚੱਲ ਰਿਹਾ ਸੀ। ਕਈ ਤਰ੍ਹਾਂ ਦੀਆਂ ਨਵੀਂ ਚੀਜ਼ਾਂ ਪਤਾ ਲੱਗੀਆਂ ਅਤੇ ਸੰਭਾਵਨਾਵਾਂ ਵੀ ਮਿਲੀਆਂ। ਸਿਰਫ਼ ਕਾਰਗੋ ਦੀ ਥੋੜ੍ਹੀ ਪ੍ਰੇਸ਼ਾਨੀ ਹੈ, ਉਸ ਦਾ ਹੱਲ ਹੋ ਜਾਵੇਗਾ ਤਾਂ ਪੰਜਾਬ ਦੇ ਬਾਗਵਾਨ ਆਪਣੇ ਉਤਪਾਦਨ ਦੁਬਈ ਭੇਜਣ ਲੱਗਣਗੇ।

ਇਹ ਵੀ ਪੜ੍ਹੋ- ਬੁਲੇਟ 'ਤੇ ਪਟਾਕੇ ਪਾ ਰਹੇ ਸੀ ਮੁੰਡੇ, ਵਾਇਰਲ ਵੀਡੀਓ ਮਗਰੋਂ ਹੁਸ਼ਿਆਰਪੁਰ ਪੁਲਸ ਨੇ ਘਰ ਜਾ ਕੇ ਕੀਤੀ ਸਖ਼ਤ ਕਾਰਵਾਈ

-ਤੁਹਾਡੇ ਵਿਭਾਗ ਨਾਲ ਜੁੜਿਆ ਵੱਡਾ ਐਲਾਨ ਮੁੱਖ ਮੰਤਰੀ ਨੇ ਕੀਤਾ ਹੈ, ਇਸ ਦੇ ਕੀ ਮਾਇਨੇ ਹਨ?
-ਇਹ ਬੜੇ ਸਨਮਾਨ ਦੀ ਗੱਲ ਹੈ ਕਿ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ। ਫੌਜ ਵਿਚ ਤਾਇਨਾਤ ਜਵਾਨ ਦੀ ਜੇਕਰ ਲੜਾਈ ਤੋਂ ਇਲਾਵਾ ਹੋਰ ਕਾਰਨ ਕਰਕੇ ਡਿਊਟੀ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਨੂੰ ਹਾਦਸਾ ਮੰਨਦਿਆਂ ਪਰਿਵਾਰ ਨੂੰ ਸਨਮਾਨ ਰਾਸ਼ੀ ਨਹੀਂ ਦਿੱਤੀ ਜਾਂਦੀ। ਅਜਿਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਅਜਿਹੇ ਮਾਮਲਿਆਂ ਵਿਚ ਸ਼ਹੀਦ ਹੋਏ ਫ਼ੌਜੀ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇਵੇਗੀ। ਹਾਦਸੇ ਵਿਚ ਕਿਸੇ ਅੰਗ ਦੇ ਹੋਏ ਨੁਕਸਾਨ ਸਬੰਧੀ ਸਹਾਇਤਾ ਰਾਸ਼ੀ ਨੂੰ ਵੀ ਪਹਿਲਾਂ ਤੋਂ ਦੁੱਗਣਾ ਕਰ ਦਿੱਤਾ ਗਿਆ ਹੈ। ਧਰਮੀ ਫ਼ੌਜੀਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਵੀ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਅਸਲ ਵਿਚ ਲੋਕਾਂ ਵੱਲੋਂ ਚੁਣੀ ਹੋਈ ਅਤੇ ਲੋਕਾਂ ਲਈ ਹੀ ਕੰਮ ਕਰਨ ਵਾਲੀ ਸਰਕਾਰ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ: BSF ਦੇ ਜਵਾਨ ਰਾਕੇਸ਼ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਈ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News