ਇਹ ਮੰਤਰੀ ਤੇ ਅਧਿਕਾਰੀ ਕਰਨਗੇ ਅੰਮ੍ਰਿਤਸਰ 'ਚ ਟਰੂਡੋ ਦਾ ਸਵਾਗਤ

02/21/2018 1:49:04 AM

ਜਲੰਧਰ (ਵੈਬ ਡੈਕਸ)— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਤੇ ਕੈਨੇਡਾ ਵਿਚਾਲੇ ਦੋ-ਪੱਖੀ ਬਿਹਤਰ ਸਬੰਧਾਂ ਤੇ ਭਾਰਤੀਆਂ ਲਈ ਕੈਨੇਡਾ 'ਚ ਬਿਹਤਰ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ 17 ਫਰਵਰੀ ਤੋਂ 24 ਫਰਵਰੀ ਤੱਕ ਦੇ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਗਰਾ ਤੇ ਤਾਜ ਮਹਿਲ ਤੇ ਸਾਬਰਮਤੀ ਆਸ਼ਰਮ ਤੇ ਅਕਸ਼ਰਧਾਮ ਦੇ ਮੰਦਰ 'ਚ ਪੂਜਾ ਵੀ ਕੀਤੀ। ਕੈਨੇਡੀਅਨ ਪ੍ਰਧਾਨ ਮੰਤਰੀ ਹੁਣ ਭਲਕੇ ਪੰਜਾਬ ਆ ਰਹੇ ਹਨ, ਜਿਥੇ ਉਹ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਜਾਣਗੇ। ਟਰੂਡੋ ਦੇ ਸਵਾਗਤ ਲਈ ਪੰਜਾਬ ਪੱਬਾਂ ਭਾਰ ਹੈ ਤੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਕਰੀਬ-ਕਰੀਬ ਮੁਕੱਮਲ ਹੋ ਚੁੱਕੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਅੰਮ੍ਰਿਤਸਰ ਦੇ ਸ੍ਰੀ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਸਵਾਗਤ ਲਈ ਕਈ ਸੀਨੀਅਰ ਆਗੂ ਤੇ ਅਧਿਕਾਰੀ ਮੌਜੂਦ ਰਹਿਣਗਗੇ। 
ਜਾਣਕਾਰੀ ਮੁਤਾਬਕ ਟਰੂਡੋ ਦੇ ਸਵਾਗਤ ਲਈ ਏਅਰਪੋਰਟ 'ਤੇ ਦੇਸ਼ ਦੇ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਟੂਰਿਜ਼ਮ, ਸੱਭਿਆਚਾਰਕ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਆਈ.ਏ.ਐੱਸ. ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਜੀਤ ਸੰਗਲਾ, ਆਈ.ਪੀ.ਐੱਸ. ਤੇ ਪੁਲਸ ਕਮਿਸ਼ਨਰ ਐੱਸ.ਐੱਸ. ਸ਼ਿਰਵਾਸਤਵ ਮੌਜੂਦ ਰਹਿਣਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਰਿਸੀਵ ਕਰਨ ਤਾਂ ਨਹੀਂ ਜਾਣਗੇ ਪਰ ਉਹ ਟਰੂਡੋ ਨਾਲ ਲੰਚ ਦੇ ਸਮੇਂ 'ਚ ਅੱਧੇ ਘੰਟੇ ਲਈ ਮਿਲਣਗੇ।


Related News