ਬੱਸਾਂ ਵਾਲਿਆਂ ਨੇ ਪੁਲਸ ਨਾਲ ਆਰ-ਪਾਰ ਦੀ ਲੜਾਈ ਦਾ ਵਜਾਇਆ ਬਿਗੁਲ

10/07/2019 2:32:42 PM

ਅੰਮ੍ਰਿਤਸਰ (ਛੀਨਾ) : ਬੱਸ ਸਟੈਂਡ 'ਤੇ ਵਾਪਰੇ ਗੋਲੀ ਕਾਂਡ ਦੇ ਮਾਮਲੇ 'ਚ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ 'ਤੇ ਪੁਲਸ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਵਿਰੋਧ 'ਚ ਸਥਾਨਕ ਬੱਸ ਸਟੈਂਡ ਵਿਖੇ ਮਿੰਨੀ ਅਤੇ ਵੱਡੀਆਂ ਬੱਸਾਂ ਦੇ ਆਪ੍ਰੇਟਰਾਂ ਤੇ ਵਰਕਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪੁਲਸ ਚੌਕੀ ਬੱਸ ਸਟੈਂਡ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸੀ. ਪੀ. ਆਈ., ਕਿਸਾਨ ਜਥੇਬੰਦੀਆਂ, ਏਕਤਾ ਆਟੋ ਰਿਕਸ਼ਾ ਯੂਨੀਅਨ, ਭਗਵਾਨ ਵਾਲਮੀਕਿ ਸੋਸਾਇਟੀ ਤੇ ਸਟੂਡੈਂਟਸ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਪੁਲਸ ਪ੍ਰਸ਼ਾਸਨ ਖਿਲਾਫ ਵਿੱਢੇ ਸੰਘਰਸ਼ 'ਚ ਹਰ ਪੱਖੋਂ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਆਂਸਲ ਨੇ ਗਰਜਦੀ ਆਵਾਜ਼ 'ਚ ਕਿਹਾ ਕਿ ਲੋਕ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ 'ਤੇ ਪੁਲਸ ਨੇ ਨਾਜਾਇਜ਼ ਕੇਸ ਦਰਜ ਕਰ ਕੇ ਵੱਡਾ ਧੱਕਾ ਕੀਤਾ ਹੈ, ਜਿਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਕਾਮਰੇਡ ਆਂਸਲ ਨੇ ਪੁਲਸ ਪ੍ਰਸ਼ਾਸਨ ਨਾਲ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾਉਂਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਆਰੰਭਿਆ ਗਿਆ ਇਹ ਸੰਘਰਸ਼ ਓਨੀ ਦੇਰ ਤੱਕ ਜਾਰੀ ਰਹੇਗਾ, ਜਦੋਂ ਤੱਕ ਬੱਬੂ 'ਤੇ ਦਰਜ ਕੇਸ ਖਾਰਿਜ ਕਰ ਕੇ ਉਸ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ। ਇਸ ਸੰਘਰਸ਼ ਦੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਰੋਸ ਪ੍ਰਦਰਸ਼ਨ ਕਰ ਰਹੇ ਅੰਮ੍ਰਿਤਸਰ-ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਦਿ ਕੋਆਪ੍ਰੇਟਿਵ ਬੈਂਕ ਦੇ ਉਪ ਚੇਅਰਮੈਨ ਸਵਿੰਦਰ ਸਿੰਘ ਸਹਿੰਸਰਾ  ਸਮੇਤ ਵੱਡੀ ਗਿਣਤੀ 'ਚ ਬੱਸ ਆਪ੍ਰੇਟਰਾਂ ਤੇ ਵਰਕਰਾਂ ਨੇ ਕਿਹਾ ਕਿ ਪੁਲਸ ਨੂੰ ਇਸ ਵਧੀਕੀ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।


Anuradha

Content Editor

Related News