ਪ੍ਰਵਾਸੀ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ, ਏਰੀਆ ਕੀਤਾ ਸੀਲ
Saturday, Apr 11, 2020 - 12:00 AM (IST)

ਖਰੜ, (ਅਮਰਦੀਪ)— ਨਗਰ ਕੌਂਸਲ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਦੀ ਪੱਪੂ ਕਾਲੋਨੀ ਵਿਚ 27 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਮਗਰੋਂ ਪ੍ਰਸ਼ਾਸਨ ਵੱਲੋਂ ਉਕਤ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਿਟੀ ਭਗਵੰਤ ਸਿੰਘ ਨੇ ਦੱਸਿਆ ਕਿ ਖਾਨਪੁਰ-ਭਾਗੋਮਾਜਰਾ ਨਜ਼ਦੀਕ ਪੈਂਦੀ ਪੱਪੂ ਕਾਲੋਨੀ ਦੇ ਰਹਿਣ ਵਾਲੇ ਰਸਗੁੱਲੀ ਯਾਦਵ (27) ਪੁੱਤਰ ਪ੍ਰਦੀਪ ਯਾਦਵ ਜੋ ਪਿੱਛੋਂ ਪਿੰਡ ਬਾਸੂਆ ਤਹਿਸੀਲ ਕੋਲੀਆ ਜ਼ਿਲਾ ਖਾਨਗਾਰੀਆ ਬਿਹਾਰ ਦਾ ਰਹਿਣ ਵਾਲਾ ਸੀ ਮਿਹਨਤ ਮਜ਼ਦੂਰੀ ਕਰਦਾ ਸੀ, ਜਿਸ ਦੀ ਅੱਜ ਅਚਾਨਕ ਮੌਤ ਹੋ ਗਈ ਹੈ।
ਸਿਵਲ ਹਸਪਤਾਲ ਖਰੜ ਵਿਚ ਖੰਘ ਦਾ ਕਰਵਾਇਆ ਸੀ ਇਲਾਜ
ਮੁੱਢਲ਼ੀ ਜਾਣਕਾਰੀ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ 4 ਅਪ੍ਰੈਲ ਨੂੰ ਸਿਵਲ ਹਸਪਤਾਲ ਖਰੜ ਆਪਣੇ ਇਲਾਜ ਸਬੰਧੀ ਵੀ ਗਿਆ ਸੀ। ਇਸ ਸਬੰਧੀ ਐੱਸ. ਐੱਮ. ਓ. ਖਰੜ ਨੂੰ ਅਗਲੀ ਕਾਰਵਾਈ ਲਈ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੱਪੂ ਕਾਲੋਨੀ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਵੱਲੋਂ ਮ੍ਰਿਤਕ ਦੇ ਸੈਂਪਲ ਲਏ ਗਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਮ੍ਰਿਤਕਾ ਕੋਰੋਨਾ ਪਾਜ਼ੇਟਿਵ ਸੀ ਜਾਂ ਨਹੀਂ।