ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Monday, Dec 26, 2022 - 06:35 PM (IST)

ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ : ਪੰਜਾਬ ਵਿਚ ਹੱਡ ਚੀਰਵੀਂ ਠੰਡ ਦਾ ਦੌਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਠੰਡ ਦਾ ਦੌਰ ਆਉਣ ਵਾਲੇ 5 ਦਿਨਾਂ ਵਿਚ ਵੀ ਜਾਰੀ ਰਹੇਗਾ। ਸੂਬੇ ਵਿਚ ਐਤਵਾਰ ਦਾ ਦਿਨ ਹੁਣ ਤਕ ਦੇ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਕਾਰਡ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਵੀ ਕੜਾਕੇ ਦਾਰ ਠੰਡ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਕਈ ਇਲਾਕਿਆਂ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ 29 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹੇਗੀ। ਪੰਜਾਬ ਦੇ ਕਈ ਇਲਾਕੇ ਸੰਘਣੀ ਧੁੰਦ ਦੀ ਮਾਰ ਹੇਠ ਆ ਸਕਦੇ ਹਨ। ਇਸ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਵੀ ਅਜਿਹਾ ਹੀ ਮੌਸਮ ਦੇਖਣ ਨੂੰ ਮਿਲ ਸਕਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਪਿੰਡਾਂ ਨੂੰ ਲੈ ਕੇ ਚੁੱਕਿਆ ਜਾ ਰਿਹਾ ਇਹ ਕਦਮ

ਦੂਜੇ ਪਾਸੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਜਦਕਿ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ ਛੇ ਡਿਗਰੀ, ਫਰੀਦਕੋਟ ਦਾ 4.6 ਡਿਗਰੀ ਤੇ ਗੁਰਦਾਸਪੁਰ ਦਾ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਅੱਜ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਹਿਸਾਰ ਵਿਚ ਘੱਟੋ-ਘੱਟ ਤਾਪਮਾਨ 3.7 ਡਿਗਰੀ, ਅੰਬਾਲਾ ਵਿਚ 6.9 ਡਿਗਰੀ, ਨਾਰਨੌਲ ਵਿਚ 4.2, ਰੋਹਤਕ ਵਿਚ 5.8, ਭਿਵਾਨੀ ’ਚ 5.3 ਤੇ ਸਿਰਸਾ ਵਿਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਵੀ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿਚ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਹੈ। ਦਿੱਲੀ ਤੇ ਉੱਤਰ-ਪੱਛਮੀ ਰਾਜਸਥਾਨ ਵੀ ਸਖ਼ਤ ਠੰਢ ਦੀ ਲਪੇਟ ਵਿਚ ਹਨ। ਹਿਮਾਚਲ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਵੀ ਸੰਘਣੀ ਧੁੰਦ ਪੈ ਰਹੀ ਹੈ। ਸ਼ਨਿਚਰਵਾਰ ਉੱਤਰ ਰੇਲਵੇ ਨੇ ਦੱਸਿਆ ਸੀ ਕਿ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 14 ਰੇਲਗੱਡੀਆਂ ਮਿੱਥੇ ਸਮੇਂ ਤੋਂ ਦੇਰੀ ਨਾਲ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬੱਜਰੀ, ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਮੌਸਮ ਵਿਭਾਗ ਨੇ ਧੁੰਦ ਨੂੰ ਦੇਖਦਿਆਂ ਵਾਹਨ ਚਾਲਕਾਂ ਨੂੰ ਖਾਸ ਤੌਰ ’ਤੇ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਬਿਜਲੀ ਪ੍ਰਭਾਵਤ ਹੋਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਦਮੇ ਵਾਲੇ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਸਕਦੀ ਹੈ। ਇਸ ਨਾਲ ਅੱਖਾਂ ਵਿਚ ਵੀ ਸਮੱਸਿਆ ਹੋ ਸਕਦੀ ਹੈ। ਮੌਸਮ ਵਿਭਾਗ ਨੇ ਧੁੰਦ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸਫਰ ਕਰਦੇ ਸਮੇਂ ਜਹਾਜ਼ਾਂ, ਰੇਲਾਂ ਅਤੇ ਬੱਸਾਂ ਦੇ ਸਮੇਂ ਦਾ ਪਤਾ ਲਗਾ ਕੇ ਹੀ ਘਰੋਂ ਨਿਕਲਿਆ ਜਾਵੇ। ਇਸ ਤੋਂ ਇਲਾਵਾ ਲੰਬੇ ਸਫ਼ਰ ਤੋਂ ਗੁਰੇਜ਼ ਕਰਨ ਦੀ ਹਿਦਾਇਤ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੂੰ ਹਿਲਾਉਣ ਵਾਲਾ ਕਿਸਾਨ ਅੰਦੋਲਨ ਸਕੂਲਾਂ ਦੇ ਸਲੇਬਸ ’ਚ ਸ਼ਾਮਲ ਕਰਨ ਦੀ ਤਿਆਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News