''ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਹੋ ਕੇ , ਸਮੁੱਚਾ ਸਿੱਖ ਜਗਤ ''ਗੱਤਕੇ'' ਦੇ ਵਿਖਾਏ ਜੌਹਰ''

Monday, Jun 19, 2017 - 06:37 AM (IST)

''ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਹੋ ਕੇ , ਸਮੁੱਚਾ ਸਿੱਖ ਜਗਤ ''ਗੱਤਕੇ'' ਦੇ ਵਿਖਾਏ ਜੌਹਰ''

ਪਟਿਆਲਾ  (ਜੋਸਨ, ਬਲਜਿੰਦਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਵਿਦਵਾਨਾਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਸਰਬਸੰਮਤੀ ਨਾਲ ਤਖ਼ਤ ਸਾਹਿਬਾਨ ਤੋਂ ਇਲਾਵਾ ਦੋ ਇਤਿਹਾਸਕ ਗੁਰਦੁਆਰਿਆਂ 'ਚ ਮੀਰੀ-ਪੀਰੀ ਦਿਵਸ ਨੂੰ ਮਨਾਏਗੀ, ਜਿਸ ਤਹਿਤ ਪੰਜ ਜ਼ੋਨ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਪ੍ਰੋ. ਬਡੂੰਗਰ ਨੇ ਦੇਸ਼-ਵਿਦੇਸ਼ 'ਚ ਬੈਠੀ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 'ਮੀਰੀ-ਪੀਰੀ ਦਿਵਸ ਨੂੰ 'ਗੱਤਕਾ ਦਿਵਸ ਵਜੋਂ ਮਨਾਉਣ ਅਤੇ ਪੰਥਕ ਏਕਤਾ ਦਾ ਸਬੂਤ ਦੇਣ।    ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਅਗਵਾਈ 'ਚ ਮੀਰੀ-ਪੀਰੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। 'ਗੱਤਕੇ' ਦੀ ਪ੍ਰਫੁੱਲਤਾ ਲਈ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ (ਸਥਾਨ ਗੁਰਦੁਆਰਾ ਛੇਹਰਟਾ ਸਾਹਿਬ) ਤਖ਼ਤ ਸ੍ਰੀ ਆਨੰਦਪੁਰ ਸਾਹਿਬ, ਤਖ਼ਤ (ਸ੍ਰੀ ਦਮਦਮਾ ਸਾਹਿਬ) ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੇ ਪਾਤਸ਼ਾਹੀ ਨੌਵੀਂ ਇਤਿਹਾਸਕ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੱਸੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਵਿਖੇ ਮੀਰੀ-ਪੀਰੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ ਭੋਗ ਉਪਰੰਤ 3 ਜੁਲਾਈ ਨੂੰ 11 ਤੋਂ 12 ਵਜੇ ਤੱਕ 'ਗੱਤਕਾ' ਦੇ ਜੌਹਰ ਵਿਖਾਏ ਜਾਣਗੇ।
ਮੀਟਿੰਗ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੇਡ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਡਿਪਟੀ ਡਾਇਰੈਕਟਰ ਡਾਇਰੈਕਟੋਰੇਟ ਪਰਮਿੰਦਰ ਕੌਰ ਰੰਧਾਵਾ, ਚਾਨਣ ਸਿੰਘ ਮੀਤ ਸਕੱਤਰ, ਭਗਵੰਤ ਸਿੰਘ ਧੰਗੇੜਾ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਲਾਭ ਸਿੰਘ ਦੇਵੀਨਗਰ, ਗੁਰਦੀਪ ਸਿੰਘ ਸ਼ੇਖੂਪੁਰਾ ਤੋਂ ਇਲਾਵਾ ਗੱਤਕਾ ਫੈੱਡਰੇਸ਼ਨਾਂ ਦੇ ਆਗੂ ਵੀ ਹਾਜ਼ਰ ਸਨ।


Related News