ਵਪਾਰੀਆਂ ਨੇ ''ਪਦਮਾਵਤੀ'' ਖਿਲਾਫ ਕੱਢਿਆ ਰੋਸ ਮਾਰਚ

11/20/2017 2:30:03 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—ਵਪਾਰ ਮੰਡਲ ਬਰਨਾਲਾ ਵੱਲੋਂ ਪ੍ਰਧਾਨ ਨਾਇਬ ਸਿੰਘ ਕਾਲਾ ਦੀ ਅਗਵਾਈ 'ਚ ਫਿਲਮ 'ਪਦਮਾਵਤੀ' ਵਿਰੁੱਧ ਰੋਸ ਮਾਰਚ ਕੀਤਾ ਗਿਆ, ਜੋ ਕਿ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਜਾ ਕੇ ਸਮਾਪਤ ਹੋਇਆ। 
ਇਸ ਰੋਸ ਮਾਰਚ 'ਚ ਹਿੰਦੂ ਸੰਗਠਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਾਇਬ ਸਿੰਘ ਕਾਲਾ ਨੇ ਕਿਹਾ ਕਿ 'ਪਦਮਾਵਤੀ' ਵਿਚ ਹਿੰਦੂ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਗ਼ਲਤ ਦ੍ਰਿਸ਼ ਦਰਸਾਏ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ਼ਲਤ ਦ੍ਰਿਸ਼ ਨਾ ਕੱਟੇ ਗਏ ਤਾਂ ਫਿਲਮ ਨੂੰ ਸਿਨੇਮਾ ਘਰਾਂ 'ਚ ਚੱਲਣ ਨਹੀਂ ਦਿੱਤਾ ਜਾਵੇਗਾ। ਸਮਾਜ ਸੇਵੀ ਸੁਖਵਿੰਦਰ ਭੰਡਾਰੀ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਪਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਹ ਫਿਲਮ ਹਿੰਦੂ ਸੰਗਠਨਾਂ ਨੂੰ ਦਿਖਾ ਕੇ ਉਨ੍ਹਾਂ ਦੀ ਤਸੱਲੀ ਕਰਵਾਈ ਜਾਵੇ। ਇਸ ਮੌਕੇ ਸ਼ਿਆਮ ਸੁੰਦਰ ਗੁਪਤਾ ਅਤੇ ਰਾਮ ਲਾਲ ਬਦਰਾ ਨੇ ਕਿਹਾ ਕਿ ਹਿੰਦੂ ਵਿਰੋਧੀ ਸ਼ਕਤੀਆਂ ਦੇ ਇਸ਼ਾਰਿਆਂ 'ਤੇ ਫਿਲਮ 'ਚ ਗ਼ਲਤ ਦ੍ਰਿਸ਼ ਫਿਲਮਾਏ ਗਏ ਹਨ। 
ਰੋਸ ਮਾਰਚ 'ਚ ਗੁਰਦਰਸ਼ਨ ਸਿੰਘ ਨਾਮਧਾਰੀ, ਸਤੀਸ਼ ਸੰਘੇੜਾ, ਗੋਪਾਲ ਚੰਦ ਸਿੰਗਲਾ, ਕੁਲਵੰਤ ਕੌਰ ਸਿੱਧੂ, ਵਿੱਕੀ ਬਾਲੂ, ਸਤੀਸ਼ ਸ੍ਰੀਵਾਸਤਵ, ਜਰਨੈਲ ਸਿੰਘ ਛੱਲੂ, ਮੁਨੀਸ਼ ਬਾਂਸਲ, ਹਰਪਾਲ ਸਿੰਘ ਬਾਲਾ, ਡਾ. ਰਾਜੀਵ ਸ਼ਰਮਾ ਰਾਜੂ, ਰਣਦੀਪ ਸਿੰਘ ਵਰਮਾ ਆਦਿ ਸੈਂਕੜੇ ਨੌਜਵਾਨ ਸ਼ਾਮਲ ਸਨ। 
ਤਪਾ ਮੰਡੀ, (ਸ਼ਾਮ, ਗਰਗ)—ਬਜਰੰਗ ਦਲ ਦੇ ਪ੍ਰਧਾਨ ਸਾਹਿਲ ਬਾਂਸਲ ਨੇ ਨਗਰ ਕੌਂਸਲ ਤਪਾ ਵਿਖੇ ਏ. ਡੀ. ਸੀ. ਬਰਨਾਲਾ ਪ੍ਰਵੀਨ ਗੋਇਲ ਨੂੰ ਮਾਂ ਪਦਮਾਵਤੀ 'ਤੇ ਆਧਾਰਿਤ ਫ਼ਿਲਮ ਉਪਰ ਰੋਕ ਲਾਉਣ ਦੇ ਸਬੰਧ ਵਿਚ ਅਤੇ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਦਿੱਤਾ ਗਿਆ। ਬਜਰੰਗ ਦਲ ਦੇ ਆਗੂਆਂ ਨੇ ਕਿਹਾ ਕਿ ਸਾਡਾ ਇਤਿਹਾਸ ਸਾਡੇ ਮਾਣ ਦਾ ਪ੍ਰਤੀਕ ਹੈ, ਨਾ ਕਿ ਮਨੋਰੰਜਨ ਦਾ। ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਰੋਹਿਤ ਸਿੰਗਲਾ, ਰਾਹੁਲ ਗਰਗ, ਨਿਸ਼ਾਂਤ ਰਾਣਾ, ਰਾਜ ਕੁਮਾਰ ਮੋੜ, ਨੰਬਰਦਾਰ ਬਲਵੰਤ ਸਿੰਘ, ਕੌਂਸਲਰ ਅਨਿਲ ਕੁਮਾਰ ਭੂਤ, ਪਵਨ ਕੁਮਾਰ, ਧਰਮ ਪਾਲ ਸ਼ਰਮਾ, ਮਦਨ ਲਾਲ ਘੁੜੈਲਾ, ਤਰਸੇਮ ਬਾਂਸਲ ਆਦਿ ਹਾਜ਼ਰ ਸਨ। 


Related News