ਖ਼ਰਾਬ ਮੌਸਮ ਨੇ ਵਿਗਾੜੀ ਖਰਬੂਜ਼ੇ ਦੀ 'ਮਿਠਾਸ', ਆਲੂਆਂ ਤੋਂ ਬਾਅਦ ਮੁੜ ਘਾਟੇ 'ਚ ਗਏ ਕਿਸਾਨ
Thursday, Jun 08, 2023 - 02:03 PM (IST)
ਸੁਲਤਾਨਪੁਰ ਲੋਧੀ (ਸੋਢੀ)- ਪਿਛਲੇ ਮਈ ਮਹੀਨੇ ਅਤੇ ਹੁਣ ਜੂਨ ਦੇ ਪਹਿਲੇ ਹਫ਼ਤੇ ਵਿਚ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਵਾਰ ਲਗਾਤਾਰ ਖ਼ਰਾਬ ਮੌਸਮ ਦਾ ਉਲਟਾ ਅਸਰ ਖਰਬੂਜ਼ੇ ਦੀ ਮਿਠਾਸ ਤੇ ਕਿਸਾਨਾਂ ਦੀ ਮਿਹਨਤ ’ਤੇ ਵੀ ਸਾਫ਼ ਵਿਖਾਈ ਦੇਣ ਲੱਗਾ ਹੈ। ਪਹਿਲਾਂ ਹੀ ਆਲੂਆਂ ਦੇ ਘੱਟ ਭਾਅ ਮਿਲਣ ਕਾਰਨ ਪ੍ਰੇਸ਼ਾਨ ਹੋਏ ਖਰਬੂਜ਼ਾ ਉਤਪਾਦਕ ਕਿਸਾਨਾਂ ਨੂੰ ਉਮੀਦ ਸੀ ਕਿ ਖਰਬੂਜ਼ੇ ਦੀ ਫ਼ਸਲ ਉਨ੍ਹਾਂ ਨੂੰ ਆਲੂਆਂ ਕਾਰਨ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰ ਦੇਵੇਗੀ ਪਰ ਮੌਸਮ ਨੇ ਇਸ ਉਮੀਦ ਦਾ ਸਵਾਦ ਵੀ ਵਿਗਾੜ ਦਿੱਤਾ ਹੈ, ਜਿਸ ਕਾਰਨ ਖਰਬੂਜ਼ੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਵੀ ਵੱਡੇ ਘਾਟੇ ਦਾ ਸ਼ਿਕਾਰ ਹੋਣ ਕਾਰਨ ਨਿਰਾਸ਼ਾ ਵਿਚ ਹਨ।
ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ’ਤੇ ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਆਲਮ ਇਹ ਹੈ ਕਿ ਇਸ ਵਾਰ ਖ਼ਰਾਬ ਮੌਸਮ ਨੇ ਕਿਸਾਨਾਂ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ। ਇਸ ਤੋਂ ਪਹਿਲਾਂ ਕਿ ਕਿਸਾਨ ਮੀਂਹ ਅਤੇ ਤੇਜ਼ ਹਵਾਵਾਂ ਨਾਲ ਜ਼ਮੀਨ ’ਤੇ ਵਿਛ ਚੁੱਕੀ ਕਣਕ ਦੀ ਫ਼ਸਲ ਦੇ ਗਮ ਤੋਂ ਉੱਭਰਦੇ , ਉਸ ਤੋਂ ਪਹਿਲਾਂ ਹੀ ਮੀਂਹ ਨੇ ਖਰਬੂਜ਼ਾ ਉਤਪਾਦਕਾਂ ਨੂੰ ਇਕ ਹੋਰ ਜ਼ਖ਼ਮ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਸ਼ਿਮਲਾ ਮਿਰਚ ਲਗਾਉਣ ਵਾਲੇ ਕਿਸਾਨਾਂ ਦੇ ਹੱਥ ਵੀ ਲਗਾਤਾਰ ਨਿਰਾਸ਼ਾ ਲੱਗੀ ਹੈ। ਉਧਰ, ਟਮਾਟਰ ਉਤਪਾਦਕ ਕਿਸਾਨਾਂ ਦਾ ਵੀ ਰੇਟ ਬਹੁਤ ਘੱਟ ਮਿਲਣ ਕਾਰਨ ਇਹੋ ਹਾਲ ਹੈ। ਸਬਜ਼ੀਆਂ ’ਚ ਪਏ ਘਾਟੇ ਕਾਰਨ ਲੋਕ ਆਪਣੀਆਂ ਸਬਜ਼ੀਆਂ ਖੇਤਾਂ ਵਿਚ ਵਾਹ ਕੇ ਦੁਬਾਰਾ ਹੋਰ ਫ਼ਸਲਾਂ ਬੀਜ ਰਹੇ ਹਨ। ਪਿੰਡ ਤਾਸ਼ਪੁਰ ਦੇ ਸਰਪੰਚ ਲਖਵਿੰਦਰ ਸਿੰਘ, ਸਮਾਜ ਸੇਵੀ ਆਗੂ ਰਣਜੀਤ ਸਿੰਘ ਚੰਦੀ, ਪਿੰਡ ਡੱਲਾ ਦੇ ਕਿਸਾਨ ਮਨਜੀਤ ਸਿੰਘ, ਡਡਵਿੰਡੀ ਦੇ ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ ਅਹਿਮਦਪੁਰ ਛੰਨਾ ਤੇ ਹੋਰ ਕਿਸਾਨਾਂ ਦੱਸਿਆ ਕਿ ਮਈ ਮਹੀਨੇ ਵਿਚ ਖ਼ਰਾਬ ਮੌਸਮ ਕਾਰਨ ਖਰਬੂਜ਼ੇ ਦੇ ਖੇਤਾਂ ’ਚ ਪਾਣੀ ਭਰਨ ਕਾਰਨ ਇਲਾਕੇ ਦੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਖੇਤੀਬਾੜੀ ਅਧਿਕਾਰੀ ਪਰਮਿੰਦਰ ਕੁਮਾਰ ਨੇ ਕਿਹਾ ਕਿ ਮੌਸਮ ਦੇ ਉਲਟ ਹਾਲਾਤ ਕਾਰਨ ਖਰਬੂਜ਼ਾ ਉਤਪਾਦਕ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ
ਪਿੰਡ ਰੂਪਵਾਲ ਹੈ ਏਸ਼ੀਆ ਦਾ ਸਭ ਤੋਂ ਵੱਡਾ ਖਰਬੂਜ਼ਾ ਬਾਜ਼ਾਰ
ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਸਿਰਫ 15 ਕਿਲੋਮੀਟਰ ਦੂਰ ਸਥਿਤ ਪਿੰਡ ਰੂਪੇਵਾਲ ਏਸ਼ੀਆ ਦਾ ਸਭ ਤੋਂ ਵੱਡਾ ਖਰਬੂਜ਼ਾ ਬਾਜ਼ਾਰ ਹੈ। ਇਸ ਤੋਂ ਇਲਾਵਾ ਚੱਕ ਚੇਲਾ, ਨਿਹਾਲੂਵਾਲ, ਤਾਸ਼ਪੁਰ ਆਦਿ ’ਚ ਵੀ ਅਜਿਹੇ ਛੋਟੇ ਬਾਜ਼ਾਰ ਹਨ, ਜਿੱਥੋਂ ਵਪਾਰੀਆਂ ਵੱਲੋਂ ਫ਼ਸਲ ਨੂੰ ਦੇਸ਼ ਦੇ ਹੋਰ ਹਿੱਸਿਆਂ ’ਚ ਲਿਜਾਇਆ ਜਾਂਦਾ ਹੈ। ਬਾਗਬਾਨੀ ਵਿਭਾਗ ਦੇ ਅੰਕੜਿਆਂ ਅਨੁਸਾਰ ਕਪੂਰਥਲਾ ਤੇ ਜਲੰਧਰ ਬੈਲਟ ’ਚ ਹਰ ਮੌਸਮ ’ਚ ਲਗਭਗ 54000 ਮੀਟ੍ਰਿਕ ਟਨ ਤੋਂ ਵੱਧ ਖਰਬੂਜੇ ਤੇ ਲਗਭਗ 21000 ਮੀਟ੍ਰਿਕ ਟਨ ਹਦਵਾਣੇ ਦਾ ਉਤਪਾਦਨ ਹਰ ਵਰ੍ਹੇ ਹੁੰਦਾ ਹੈ। ਹਾਲਾਂਕਿ ਇਹ ਸਮੇਂ ਅਨੁਸਾਰ ਵਧਦਾ ਤੇ ਘੱਟਦਾ ਰਹਿੰਦਾ ਹੈ ਪਰ ਸੁਲਤਾਨਪੁਰ ਲੋਧੀ ਸਮੇਤ ਜ਼ਿਲ੍ਹਾ ਕਪੂਰਥਲਾ ’ਚ ਖਰਬੂਜ਼ਾ ਅਤੇ ਹਦਵਾਣਾ ਲਗਾਉਣ ਦਾ ਕ੍ਰੇਜ਼ ਕਾਫ਼ੀ ਹੈ।
ਇਹ ਵੀ ਪੜ੍ਹੋ- ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani