ਕੈਪਟਨ ਜਲਦੀ ਮੁਕੰਮਲ ਕਰਵਾਉਣ ਲਾਧੋਵਾਲ ਮੈਗਾ ਫੂਡ ਪਾਰਕ : ਹਰਸਿਮਰਤ
Monday, Jan 21, 2019 - 08:16 AM (IST)

ਚੰਡੀਗਡ਼੍ਹ, (ਅਸ਼ਵਨੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਦਖ਼ਲ ਦੇ ਕੇ ਲਾਧੋਵਾਲ ਵਿਖੇ ਪੀ. ਏ. ਆਈ. ਸੀ. ਦੇ ਮੈਗਾ ਫੂਡ ਪਾਰਕ ਨੂੰ ਜਲਦੀ ਮੁਕੰਮਲ ਕਰਵਾਉਣ ਤਾਂ ਕਿ ਅਗਲੇ 15 ਦਿਨਾਂ ’ਚ ਇਸ ਦਾ ਉਦਘਾਟਨ ਕੀਤਾ ਜਾ ਸਕੇ। ਮੁੱਖ ਮੰਤਰੀ ਨੂੰ ਇਸ ਸਬੰਧੀ ਇਕ ਪੱਤਰ ਲਿਖਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ’ਚ ਲਾਧੋਵਾਲ ਵਿਖੇ ਪੀ.ਏ.ਆਈ.ਸੀ. ਦੇ ਮੈਗਾ ਫੂਡ ਪਾਰਕ ਦੇ ਕੰਮ ਨੂੰ ਲਟਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦਾ ਬਚਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਜਾਵੇ ਤਾਂ ਕਿ ਖੇਤੀ ਵਸਤਾਂ ਦੇ ਮੁੱਲ ’ਚ ਵਾਧਾ ਹੋਵੇ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ।
ਹਰਸਿਮਰਤ ਬਾਦਲ ਨੇ ਪੱਤਰ ’ਚ ਕਿਹਾ ਕਿ ਉਨ੍ਹਾਂ ਵਲੋਂ 11 ਜਨਵਰੀ ਨੂੰ ਪਾਰਕ ਵਿਖੇ ਲਈ ਗਈ ਰੀਵਿਊ ਮੀਟਿੰਗ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਪੀ. ਏ. ਆਈ. ਸੀ. ਵਲੋਂ ਸੱਤ ਮਹੀਨਿਆਂ ਤੱਕ ਸਪਾਇਰਲ ਫਰੀਜ਼ਰ ਤੇ ਡੀ-ਹਾਈਡਰੇਸ਼ਨ ਲਾਇਨ ਵਾਸਤੇ ਟੈਂਡਰ ਨਹੀਂ ਸੀ ਕੱਢਿਆ ਗਿਆ ਅਤੇ ਉਨ੍ਹਾਂ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਇਹ ਟੈਂਡਰ ਕੱਢਿਆ ਗਿਆ। ਉਨ੍ਹਾਂ ਵਲੋਂ ਪਾਰਕ ਉਸਾਰੀ ਦੇ ਕੰਮ ਦਾ ਜਾਇਜ਼ਾ ਲੈਣ ਲਈ ਲਗਾਤਾਰ ਮੀਟਿੰਗਾਂ ਕਰਨ ਅਤੇ ਇਸ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੰਮ ਅੱਗੇ ਨਹੀਂ ਵਧ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੀ. ਏ.ਆਈ.ਸੀ. ਨੇ ਉਨ੍ਹਾਂ ਨੂੰ ਸੱਤ ਮਹੀਨੇ ਪਹਿਲਾਂ ਦੱਸਿਆ ਸੀ ਕਿ ਸਪਾਇਰਲ ਫਰੀਜ਼ਰ ਵਾਸਤੇ ਟੈਂਡਰ ਤਿਆਰ ਹੈ। ਇਸ ਸੰਸਥਾ ਨੇ ਇਹ ਫੈਸਲਾ ਲੈਣ ’ਚ ਸੱਤ ਮਹੀਨੇ ਲਾ ਦਿੱਤੇ ਕਿ ਡੀਹਾਈਡਰੇਸ਼ਨ ਲਾਇਨ ਦੇ ਪੁਰਜ਼ਿਆਂ ਨੂੰ ਤਬਦੀਲ ਕਰਨ ਦੀ ਲੋੜ ਹੈ। 117 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ, ਜਿਸ ਵਾਸਤੇ 50 ਕਰੋੜ ਰੁਪਏ ਕੇਂਦਰ ਵਲੋਂ ਦਿੱਤੇ ਗਏ ਹਨ, ਜੂਨ 2018 ਤਕ ਤਿਆਰ ਕੀਤਾ ਜਾਣਾ ਸੀ। ਪ੍ਰਾਜੈਕਟ ਦੇ ਲਟਕਣ ਨਾਲ ਨਾ ਸਿਰਫ ਸੂਬੇ ਦੀ ਖੇਤੀ ਅਰਥਵਿਵਸਥਾ ਨੂੰ ਨੁਕਸਾਨ ਪੁੱਜ ਰਿਹਾ ਹੈ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਸੱਟ ਵੱਜ ਰਹੀ ਹੈ।