ਡਾ. ਅਟਵਾਲ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
Saturday, Aug 19, 2017 - 07:08 AM (IST)
ਪਾਇਲ/ ਦੋਰਾਹਾ (ਵਿਨਾਇਕ) - ਭਾਰਤੀ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ। ਇਸ ਮੌਕੇ ਡਾ. ਅਟਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੇ ਪੁਰਾਣੇ ਸਾਥੀ ਨੂੰ ਰਾਸ਼ਟਰਪਤੀ ਭਵਨ ਲਈ ਨਾਮਜ਼ਦ ਕੀਤੇ ਜਾਣ ਦੀ ਸ਼ਲਾਘਾ ਕੀਤੀ। ਡਾ. ਅਟਵਾਲ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਰਾਮ ਨਾਥ ਕੋਵਿੰਦ ਦੇ ਨਾਲ ਸੰਸਦ 'ਚ ਕੰਮ ਕਰਨ ਦੇ ਨਾਲ-ਨਾਲ ਦਲਿਤ ਸਮਾਜ ਦੇ ਉਥਾਨ ਤੇ ਭਲਾਈ ਲਈ ਲੰਬਾ ਸਮਾਂ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ ਹੈ, ਉੱਥੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਸੰਸਦ ਮੈਂਬਰਾਂ ਤੇ ਵਿਧਾਨਕਾਰਾਂ (ਫੋਰਮ ਆਫ ਐੱਸ. ਸੀ. ਐਂਡ ਐੱਸ. ਟੀ. ਲੈਜਿਸਲੇਚਰਜ਼ ਐਂਡ ਪਾਰਲੀਮੈਂਟੇਰੀਅਨਜ਼) ਨੂੰ ਗਠਿਤ ਕਰਨ ਦੇ ਨਾਲ ਮਜ਼ਬੂਤ ਬਣਾਉਣ 'ਚ ਵੀ ਕਾਰਗਾਰ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਕੋਵਿੰਦ ਦੀ ਬਿਹਾਰ ਦੇ ਰਾਜਪਾਲ ਵਜੋਂ ਕਾਰਗੁਜ਼ਾਰੀ ਬਹੁਤ ਹੀ ਨਿਰਪੱਖ ਭੂਮਿਕਾ ਵਾਲੀ ਰਹੀ ਹੈ। ਡਾ. ਅਟਵਾਲ ਨੇ ਭਰੋਸਾ ਪ੍ਰਗਟ ਕੀਤਾ ਕਿ ਕੋਵਿੰਦ ਰਾਸ਼ਟਰਪਤੀ ਭਵਨ ਦਾ ਸਤਿਕਾਰ ਅਤੇ ਰੁਤਬਾ ਹੋਰ ਉੱਚਾ ਕਰਨਗੇ। ਉਨ੍ਹਾਂ ਨੇ ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੰਜਾਬ ਆਉਣ ਦਾ ਵੀ ਸੱਦਾ ਦਿੱਤਾ। ਇਸ ਸਮੇਂ ਡਾ. ਅਟਵਾਲ ਨਾਲ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਬਾਬਾ ਜਗਰੂਪ ਸਿੰਘ ਸਾਹਨੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਨੈਤ ਰਾਮ ਨਾਰਾਇਣ, ਡਾ. ਅਸ਼ਵਨੀ ਗੁਪਤਾ, ਗੁਰਦੀਪ ਸਿੰਘ ਅਤੇ ਦਿਲਸ਼ਾਦ ਮੁਹੰਮਦ ਅਹਿਮਦਗੜ੍ਹ ਵੀ ਹਾਜ਼ਰ ਸਨ।
