ਅਕਾਲੀ ਦਲ ਦੇ ਬਾਗ਼ੀ ਧੜੇ ਦੇ ਸੀਨੀਅਰ ਆਗੂਆਂ ਨੇ ਕੀਤੀ ਮੀਟਿੰਗ, ਪਾਰਟੀ ਪ੍ਰਧਾਨ ਬਾਰੇ ਹੋਈ ਅਹਿਮ ਚਰਚਾ

Sunday, Jul 07, 2024 - 04:30 AM (IST)

ਜਲੰਧਰ- ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਜਲੰਧਰ ਵਿਖੇ ਅਹਿਮ ਮੀਟਿੰਗ ਹੋਈ, ਜਿਸ 'ਚ ਸਾਰੇ ਜ਼ਰੂਰੀ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਕਿਹਾ ਗਿਆ ਕਿ ਜਲੰਧਰ ਪੱਛਮੀ ਦੀ ਚੋਣ ਦੇ ਸਬੰਧ 'ਚ ਅਕਾਲੀ ਦਲ ਵੱਲੋਂ ਆਪਣੇ ਹੀ ਚੋਣ ਨਿਸ਼ਾਨ ਤੱਕੜੀ ਦੇ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦੀ ਮਦਦ ਕਰਨਾ ਗੈਰ-ਪੰਥਕ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਦਾ ਸਾਰਾ ਸਿੱਖ ਪੰਥ ਗੰਭੀਰ ਨੋਟਿਸ ਲੈ ਰਿਹਾ ਹੈ। ਇਸ ਪੰਥ ਵਿਰੋਧੀ ਫੈਸਲੇ ਨੂੰ ਸੰਗਤਾਂ ਵੱਲੋਂ ਬਹੁਤ ਗ਼ਲਤ ਤੇ ਸ਼ਰਮਨਾਕ ਸਮਝਿਆ ਜਾ ਰਿਹਾ ਹੈ। ਤੱਕੜੀ ਸਿੱਖ ਪੰਥ 'ਚ ਬਹੁਤ ਸਤਿਕਾਰਤ ਚੋਣ ਨਿਸ਼ਾਨ ਹੈ, ਜਿਸ 'ਤੇ ਸਾਰੀਆਂ ਸੰਗਤਾਂ ਨੂੰ ਮਾਣ ਹੈ। ਇਸ ਦੇ ਸਤਿਕਾਰ ਨੂੰ ਘਟਾਉਣਾ ਸਿੱਖ ਪੰਥ ਦਾ ਨਿਰਾਦਰ ਹੈ। 

ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਸ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ ਵਿਖੇ ਹੋਈ ਫਾਇਰਿੰਗ ਬਾਰੇ ਰਿਪੋਰਟ ਤਿਆਰ ਕੀਤੀ ਸੀ, ਜਿਸ ਬਾਰੇ ਉਨ੍ਹਾਂ ਆਪਣੀ ਕਿਤਾਬ 'ਚ ਲਿਖਿਆ ਹੈ। ਕਿਤਾਬ 'ਚ ਉਨ੍ਹਾਂ ਨੇ ਬੜੇ ਗੰਭੀਰ ਸਨਸਨੀਖੇਜ਼ ਤੇ ਚਿੰਤਾਜਨਕ ਪਹਿਲੂ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਤਾਬ 'ਚ ਸਾਫ਼ ਲਿਖਿਆ ਹੈ ਕਿ ਡੇਰਾ ਸਿਰਸਾ ਦੇ ਸਾਧ ਨੂੰ ਮੁਆਫ਼ੀ ਦਿਵਾਉਣ ਵਾਸਤੇ ਸੁਖਬੀਰ ਬਾਦਲ ਤੇ ਡਾ. ਦਲਜੀਤ ਚੀਮਾ ਨੇ ਕੀ-ਕੀ ਰੋਲ ਅਦਾ ਕੀਤਾ ਹੈ। ਇਨ੍ਹਾਂ ਦੋਵਾਂ ਨੇ ਕਿਵੇਂ ਸਿੰਘ ਸਹਿਬਾਨਾਂ ਨੂੰ ਚੰਡੀਗੜ੍ਹ ਬੁਲਾ ਕੇ ਉਨ੍ਹਾਂ 'ਤੇ ਦਬਾਅ ਪਾਇਆ ਤੇ ਸਿੱਖ ਪਰੰਪਰਾਵਾਂ ਦੀ ਪਰਵਾਹ ਨਾ ਕਰਦੇ ਹੋਏ ਸਿੰਘ ਸਹਿਬਾਨਾਂ ਨੂੰ ਮਜਬੂਰ ਕਰ ਕੇ ਉਨ੍ਹਾਂ ਤੋਂ ਡੇਰੇ ਦੇ ਸਾਧ ਦੀ ਮੁਆਫ਼ੀ ਦਾ ਫ਼ੈਸਲਾ ਕਰਵਾਇਆ। ਇਸ ਫ਼ੈਸਲੇ 'ਤੇ ਸਿੱਖ ਪੰਥ ਨੂੰ ਬੜਾ ਰੋਸ ਤੇ ਗੁੱਸਾ ਹੈ। 

ਇਹ ਵੀ ਪੜ੍ਹੋ- ਚੈਂਪੀਅਨ ਟੀਮ 'ਤੇ ਵਰ੍ਹ ਰਿਹਾ ਪੈਸਿਆਂ ਦਾ ਮੀਂਹ, BCCI ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਸਿੱਖ ਕੌਮ ਨੇ ਕਦੇ ਵੀ ਇਸ ਗਲਤੀ ਨੂੰ ਆਪਣੇ ਮਨ 'ਚੋਂ ਨਹੀਂ ਕੱਢਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਫ਼ੈਸਲਿਆਂ ਦਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਿਆ। ਸੰਗਤਾਂ ਦੀ ਭਾਵਨਾ ਨੂੰ ਸਮਝ ਕੇ ਆਪਣੇ ਆਪ ਦੀ ਜ਼ਿੰਮੇਵਾਰੀ ਨੂੰ ਕਬੂਲਦੇ ਹੋਏ ਅਸ਼ੀਂ ਸਾਰੇ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ ਤੇ ਗੁਰੂ ਸਾਹਿਬ ਤੋਂ ਇਨ੍ਹਾਂ ਸਾਰੀਆਂ ਹੋਈਆਂ ਭੁੱਲਾਂ ਲਈ ਖਿਮਾ ਯਾਚਨਾ ਦੀ ਅਰਦਾਸ ਕੀਤੀ। ਜਸਟਿਸ ਰਣਜੀਤ ਸਿੰਘ ਦੀ ਲਿਖੀ ਕਿਤਾਬ ਤੇ ਉਨ੍ਹਾਂ ਵੱਲੋਂ ਦਰਸਾਏ ਹੋਏ ਤੱਥਾਂ ਨੇ ਇਕ ਵਾਰ ਫ਼ਿਰ ਤੋਂ ਸਿੱਖ ਪੰਥ ਦੇ ਸਾਹਮਣੇ ਗੁਨਾਹਾਂ ਨਾਲ ਭਰੇ ਹੋਏ ਫ਼ੈਸਲੇ ਜਗ ਜਾਹਿਰ ਕਰ ਦਿੱਤੇ। 

ਭਾਈ ਗਜਿੰਦਰ ਸਿੰਘ ਹਾਈਜੈਕਰ ਦੇ ਅਕਾਲ ਚਲਾਣਾ 'ਤੇ ਬਹੁਤ ਡੁੰਘਾ ਦੁੱਖ ਪ੍ਰਗਟ ਕੀਤਾ ਗਿਆ। ਉਨ੍ਹਾਂ ਦੀ ਪੰਥ ਲਈ ਕੀਤੀ ਕੁਰਬਾਨੀ ਨੂੰ ਸੰਗਤਾਂ ਹਮੇਸ਼ਾ ਯਾਦ ਰੱਖਣਗੀਆਂ। ਭਾਰੀ ਗਜਿੰਦਰ ਸਿੰਘ, ਸਿੱਖ ਪੰਥ ਦੇ ਮਹਾਨ ਯੋਧਿਆਂ ਵਿੱਚੋਂ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਸੰਘਰਸ਼ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀ ਕੁਰਬਾਨੀ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਸਰਕਾਰਾਂ ਦੇ ਜ਼ਬਰ ਵੁਰੁੱਧ ਲੜਾਈ ਲੜਨ ਦੀ ਪ੍ਰੇਰਣਾ ਮਿਲੇਗੀ।

ਪੀ.ਟੀ.ਸੀ. ਚੈਨਲ ਬਹੁਤ ਲੰਬੇ ਸਮੇਂ ਤੋਂ ਗੁਰਬਾਣੀ ਦਾ ਪ੍ਰਸਾਰਣ ਕਰਦਾ ਆ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਆਪਣੇ ਚੈਨਲ ਦੀਆਂ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਲੀਡਰਾਂ ਦਰਮਿਆਨ ਸਹਿਮਤੀ ਸੀ ਕਿ ਪੀ.ਟੀ.ਸੀ. ਨੂੰ ਗੁਰਬਾਣੀ ਦਾ ਪ੍ਰਸਾਰਣ ਰੋਕ ਦੇਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੇ ਵੀ ਇਸ ਬਾਰੇ ਹਾਮੀ ਭਰੀ ਸੀ ਅਤੇ ਆਖਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਪ੍ਰਬੰਧ ਪੂਰੇ ਕਰਕੇ ਆਪਣੇ ਚੈਨਲ ਰਾਹੀਂ ਪ੍ਰਸਾਰਣ ਸ਼ੁਰੂ ਕਰ ਦੇਵੇਗੀ। 

ਪੀ.ਟੀ.ਸੀ. ਚੈਨਲ ਦੇ ਉੱਚ ਅਧਿਕਾਰੀ ਰਵਿੰਦਰ ਵੱਲੋਂ ਵੀ ਆਖਿਆ ਗਿਆ ਸੀ ਕਿ ਅਸੀਂ ਗੁਰਬਾਣੀ ਦਾ ਪ੍ਰਸਾਰਣ ਐੱਸ.ਜੀ.ਪੀ.ਸੀ. ਦੇ ਹਵਾਲੇ ਕਰ ਦੇਣਾ ਹੈ। ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਆਪਣਾ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸਿੱਖ ਸੰਗਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ ਜਿਸ ਦਾ ਸਿੱਟਾ ਹਾਲ ਹੀ 'ਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਾਹਿਬਾਨਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਐੱਸ.ਜੀ.ਪੀ.ਸੀ. ਦੀਆਂ ਵੋਟਾਂ ਨੂੰ ਬਣਾਉਣ ਵਾਸਤੇ ਆਪਣਾ ਪੁਰਜ਼ੋਰ ਯੋਗਦਾਨ ਪਾਉਣ। ਇਹ ਵੋਟਾਂ 31 ਜੁਲਾਈ ਤਕ ਬਣਾਈਆਂ ਜਾ ਸਕਦੀਆਂ ਹਨ ਜਿਸ ਦਾ ਫੈਸਲਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ।

ਇਸ ਮੀਟਿੰਗ ਦੌਰਾਨ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਾਲੂਕਾ, ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਹੋਰ ਆਗੂ ਹਾਜ਼ਰ ਸਨ। 

ਇਹ ਵੀ ਪੜ੍ਹੋ- ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਹਿਰ 'ਚ ਮਾਰ'ਤੀ ਛਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


Harpreet SIngh

Content Editor

Related News