ਨਿਗਮ ਹਾਊਸ ਦੀ ਮੀਟਿੰਗ ’ਚ ਮਹਿਲਾ ਅਧਿਕਾਰੀ ਦੇ ਸਰੀਰਕ ਸ਼ੋਸ਼ਣ ਦਾ ਮੁੱਦਾ ਗਰਮਾਇਆ

Friday, Jun 29, 2018 - 02:25 AM (IST)

ਨਿਗਮ ਹਾਊਸ ਦੀ ਮੀਟਿੰਗ ’ਚ ਮਹਿਲਾ ਅਧਿਕਾਰੀ ਦੇ ਸਰੀਰਕ ਸ਼ੋਸ਼ਣ ਦਾ ਮੁੱਦਾ ਗਰਮਾਇਆ

ਅੰਮ੍ਰਿਤਸਰ, (ਵਡ਼ੈਚ)- ਨਗਰ ਊਸ ਦੀ ਬੈਠਕ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਸੰਪੰਨ ਹੋ ਗਈ। ਹਾਊਸ ਵਿਚ ਨਿਗਮ ਦੀ ਮਹਿਲਾ ਅਧਿਕਾਰੀ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਗਰਮਾਇਆ ਰਿਹਾ। ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਆਯੋਜਿਤ ਬੈਠਕ ਦੌਰਾਨ ਸ਼ਹਿਰ ਦੇ ਕੌਂਸਲਰਾਂ ਨੇ ਆਪਣੇ ਵਾਰਡਾਂ ਤੇ ਸ਼ਹਿਰ ਦੀਅਾਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਪੇਸ਼ ਕੀਤੇ। ਕਮਿਸ਼ਨਰ ਸੋਨਾਲੀ ਗਿਰੀ ਛੁੱਟੀ ’ਤੇ ਹੋਣ ਕਰ ਕੇ ਆਰਜ਼ੀ ਤੌਰ ’ਤੇ ਬਿਰਾਜਮਾਨ ਕਮਿਸ਼ਨਰ ਦੀਪਤੀ ਉੱਪਲ ਮੌਜੂਦ ਰਹੇ। 
ਮੇਅਰ ਰਿੰਟੂ ਨੇ ਬੈਠਕ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਸ਼ਹਿਰ ਨੂੰ ਖੁੱਲੇ੍ਹ ’ਚ  ਸ਼ੌਚ-ਮੁਕਤ ਕਰਨ ਸਮੇਂ ਸਰਬਸੰਮਤੀ ਨਾਲ 4 ਮਤਿਅਾਂ ’ਤੇ ਮੋਹਰ ਲਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ 200 ਕਰੋਡ਼ ਦੇ ਇੰਤਜ਼ਾਰ ’ਚ ਹਾਂ ਪਰ ਫਿਰ ਵੀ ਪਿਛਲੇ 5 ਮਹੀਨਿਅਾਂ ਵਿਚ ਕੋਈ ਮੁਸ਼ਕਿਲ ਨਹੀਂ ਆਈ। ਬੈਠਕਾਂ ’ਚ ਕਰੀਬ 1 ਅਰਬ ਦੇ ਵਿਕਾਸ ਕੰਮ ਪਾਸ ਕੀਤੇ ਗਏ ਹਨ। ਸ਼ਹਿਰ ਵਿਚ 60-70 ਕਰੋਡ਼ ਦੀਅਾਂ ਜ਼ਮੀਨਾਂ ਖਾਲੀ ਕਰਵਾਈਅਾਂ ਗਈਆਂ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਅਾਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਅਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੂਸਰੇ ਵਿਭਾਗਾਂ ਵਿਚ ਕੰਮ ਕਰਦੇ ਸੀਵਰਮੈਨਾਂ ਤੋਂ ਸੀਵਰੇਜ ਕਰਮਚਾਰੀਅਾਂ ਦਾ ਕੰਮ ਲਿਆ ਜਾਵੇਗਾ। ਮੰਗ-ਮੰਗ ਕੇ ਨਿਗਮ ਨੂੰ ਨਹੀਂ ਚਲਾਇਆ ਜਾ ਸਕਦਾ। ਕਰੀਬ 77 ਹਜ਼ਾਰ ਰੇਹਡ਼ੀਅਾਂ ਸ਼ਹਿਰ ਦੀ ਖੂਬਸੂਰਤੀ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਲੱਗਣ ਵਾਲੀਅਾਂ ਰੇਹਡ਼ੀਅਾਂ ਲਈ 1500 ਰੁਪਏ ਚਲਾਨ ਕੱਟਣ ਦੇ ਆਦੇਸ਼ ਦਿੱਤੇ ਗਏ ਹਨ ਪਰ ਇਸ ਕੰਮ ਵਿਚ ਅਧਿਕਾਰੀ ਤੇ ਕੌਂਸਲਰ ਸਿਫਾਰਸ਼ਾਂ ਤੋਂ ਗੁਰੇਜ਼ ਕਰਨ। ਹਾਊਸ ਵਿਚ ਦੁਰਗਿਆਣਾ ਮੰਦਰ ਸਟਰੀਟ ਵਾਕ ਲਈ ਤਿਆਰ ਡਾਕੂਮੈਂਟਰੀ ਫਿਲਮ ਪ੍ਰਾਜੈਕਟਰ ’ਤੇ ਦਿਖਾਈ ਗਈ। PunjabKesari
 ਅਧਿਕਾਰੀਅਾਂ ਦੇ ਕੰਨਾਂ ’ਤੇ ਨਹੀਂ ਸਰਕੀ ਜੂੰ : ਡਿਪਟੀ ਮੇਅਰ
 ਡਿਪਟੀ ਮੇਅਰ ਯੂਨਿਸ ਕੁਮਾਰ ਨੇ ਕਿਹਾ ਕਿ ਹਾਊਸ ਵਿਚ ਮੁਸ਼ਕਿਲਾਂ ਦੇ ਹੱਲ ਲਈ ਵਾਰ-ਵਾਰ ਅਾਵਾਜ਼ ਬੁਲੰਦ ਕਰਨ ਦੇ ਬਾਵਜੂਦ ਅਧਿਕਾਰੀਅਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਜ਼ੋਨ ਨੰ. 5 ਵਿਚ ਸਰਕਾਰੀ ਜ਼ਮੀਨ ’ਤੇ ਟਾਵਰ ਕਿਸ ਦੀ ਸਹਿਮਤੀ ਨਾਲ ਲਾਇਆ, ਇਸ ਦੀ ਜਾਂਚ ਕੀਤੀ ਜਾਵੇ। ਵਾਰਡਾਂ ਵਿਚ ਸੀਵਰਮੈਨਾਂ ਦੀ ਘਾਟ ਹੈ ਪਰ 61 ਸੀਵਰਮੈਨਾਂ ਨੂੰ ਕਿਸੇ ਹੋਰ ਵਿਭਾਗਾਂ ’ਚ ਲਾਇਆ ਹੋਇਆ ਹੈ। ਪ੍ਰਾਈਵੇਟ ਤੌਰ ’ਤੇ ਕੱਟੀਅਾਂ ਕਾਲੋਨੀਅਾਂ ਤੋਂ ਲੱਖਾਂ ਰੁਪਏ ਵਸੂਲਣ ਵਿਚ ਆਨਾਕਾਨੀ ਕਿਉਂ ਕੀਤੀ ਜਾ ਰਹੀ ਹੈ। 
 ਨਿਗਮ ਮਹਿਲਾ ਅਧਿਕਾਰੀ ਦੇ ਸਰੀਰਕ ਸ਼ੋਸ਼ਣ ਦੀ ਹੋਵੇ ਜਾਂਚ : ਸੋਨੀਆ
 ਕੌਂਸਲਰ ਜਤਿੰਦਰ ਸੋਨੀਆ ਨੇ ਕਿਹਾ ਕਿ ਨਗਰ ਨਿਗਮ ਦੇ ਇਕ ਵਿਭਾਗ ਦੀ ਮਹਿਲਾ ਅਧਿਕਾਰੀ ਦੇ ਸਰੀਰਕ ਸ਼ੋਸ਼ਣ ਦੀ ਜਾਂਚ ਹੋਣੀ ਜ਼ਰੂਰੀ ਹੈ। ਨਿਗਮ ਦਾ ਹੀ ਇਕ ਬੇਲਦਾਰ ਕਰਮਚਾਰੀ ਉਸ ਦਾ ਸਰੀਰਕ ਸ਼ੋਸ਼ਣ ਕਰ ਕੇ ਹੱਦ ਤੋਂ ਵੱਧ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਭਵਨ ਦੇ ਸੁੰਦਰੀਕਰਨ ਲਈ ਭੇਜੀ ਤਜਵੀਜ਼ ਸਲਾਹੁਣਯੋਗ ਹੈ। ਉਨ੍ਹਾਂ ਪਾਰਕਿੰਗ ਸਟੈਂਡਾਂ ’ਤੇ ਹੋ ਰਹੀ ਘਪਲੇਬਾਜ਼ੀ ਦੀ ਰੋਕਥਾਮ ਦੀ ਮੰਗ ਕੀਤੀ। ਮੇਅਰ ਨੇ ਮਹਿਲਾ ਅਧਿਕਾਰੀ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਨਿੰਦਾ ਕਰਦਿਅਾਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਨਸ਼ਿਅਾਂ ਖਿਲਾਫ ਗਰਜੇ ਪ੍ਰਮੋਦ ਬਬਲਾ
 ਕੌਂਸਲਰ ਪ੍ਰਮੋਦ ਬਬਲਾ ਨੇ ਵੱਧ ਰਹੇ ਨਸ਼ਿਅਾਂ ਖਿਲਾਫ ਆਪਣੀ ਅਾਵਾਜ਼ ਹਾਊਸ ’ਚ ਬੁਲੰਦ ਕਰਦਿਅਾਂ ਕਿਹਾ ਕਿ ਸਲੱਮ ਇਲਾਕਿਅਾਂ ਵਿਚ ਨਸ਼ਿਅਾਂ ਦੀ ਵਿਕਰੀ ਤੇ ਸੇਵਨ ਜ਼ੋਰਾਂ ’ਤੇ ਹੈ। ਆਏ ਦਿਨ ਨੌਜਵਾਨ ਮਰ ਰਹੇ ਹਨ। ਜ਼ਿਲਾ ਤੇ ਪੁਲਸ ਪ੍ਰਸ਼ਾਸਨ ਦੀ ਕਾਰਵਾਈ ਕਮਜ਼ੋਰ ਹੈ। ਇਸ ਲਈ ਨਿਗਮ ਨੂੰ ਧਿਆਨ ਦੇਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਇਲਾਕਾ ਛੋਟਾ ਹਰੀਪੁਰਾ, ਮੁਹੱਲਾ ਪ੍ਰਜਾਪਤ, ਏਕਤਾ ਨਗਰ, ਪ੍ਰੇਮ ਨਗਰ ਵਿਚ ਨਸ਼ਿਅਾਂ ਦਾ ਪੂਰਾ ਜ਼ੋਰ ਹੈ। 
ਹੱਥਕਡ਼ੀ ਸਮੇਤ ਮੀਟਿੰਗ ’ਚ ਪਹੁੰਚੇ ਕੌਂਸਲਰ ਸੁਰਿੰਦਰ ਚੌਧਰੀPunjabKesari
ਕਿਸੇ ਮਾਮਲੇ ਵਿਚ ਜੇਲ ’ਚ ਗਏ ਕੌਂਸਲਰ ਸੁਰਿੰਦਰ ਚੌਧਰੀ ਕਾਨੂੰਨੀ ਸਹਾਇਤਾ ਉਪਰੰਤ ਅੱਜ  ਨਿਗਮ ਹਾਊਸ ਵਿਚ ਹੱਥਕੜੀ ਸਮੇਤ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਤਾਂ ਅਸੀਂ ਸ਼ੌਚ-ਮੁਕਤ ਕਰਨ  ਜਾ ਰਹੇ ਹਾਂ ਪਰ ਨਿਗਮ ਦੇ ਆਪਣੇ ਟਾਇਲਟ ਵਿਚ ਫਲੱਸ਼ ਦੀ ਸੀਟ ਹੀ ਟੁੱਟੀ ਹੋਈ ਹੈ, ਸਾਨੂੰ  ਪਹਿਲਾਂ ਨਿਗਮ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮੱਛਰਾਂ ਨੂੰ ਮਾਰਨ ਵਾਲੀਅਾਂ  ਗੱਡੀਅਾਂ ਕੌਂਸਲਰਾਂ ਤੱਕ ਨਹੀਂ ਪਹੁੰਚੀਅਾਂ, ਸਿਰਫ ਖਾਨਾਪੂਰਤੀ ਕਰ ਰਹੀਅਾਂ ਹਨ। ਵਾਰਡ  ਵਿਚ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ। 
ਡੀ-ਸਿਲਟਿੰਗ ਕਰਵਾਉਣੀ ਜ਼ਰੂਰੀ : ਸਿੱਕਾ
 ਭਾਜਪਾ ਦੀ ਵਿਰੋਧੀ ਧਿਰ ਦੇ ਨੇਤਾ ਸੰਧਿਆ ਸਿੱਕਾ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ ਪਰ ਸ਼ਹਿਰ ਦੀ ਡੀ-ਸਿਲਟਿੰਗ ਨਹੀਂ ਕਰਵਾਈ ਜਾ ਰਹੀ। ਵਾਰਡਾਂ ਦੇ ਸੀਵਰੇਜ ਜਾਮ ਹਨ। ਉਨ੍ਹਾਂ ਪੀਣ ਯੋਗ ਪਾਣੀ ’ਤੇ ਚਿੰਤਾ ਜ਼ਾਹਿਰ ਕਰਦਿਅਾਂ ਰੇਨ ਬੋਰ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਊਸ ਵਿਚ ਨਿਗਮ ਮਹਿਲਾ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਭਰੇ ਹਾਊਸ ਵਿਚ ਮਹਿਲਾ ਅਧਿਕਾਰੀ ਦਾ ਨਾਂ ਜਗ-ਜ਼ਾਹਿਰ ਕਰਨਾ ਨਿੰਦਣਯੋਗ ਹੈ। 
ਕਈ ਕੌਂਸਲਰ ਬੈਠਕ ’ਚ ਨਹੀਂ ਆਏ ਨਜ਼ਰ
 ਨਿਗਮ ਹਾਊਸ ਵਿਚ ਕਾਫੀ ਕੌਂਸਲਰਾਂ ਨੇ ਹਾਊਸ ਦੀ ਬੈਠਕ ਵਿਚ ਭਾਗ ਲੈਣਾ ਮੁਨਾਸਿਬ ਨਹੀਂ ਸਮਝਿਆ, ਕਈ ਕੌਂਸਲਰ ਨਜ਼ਰ ਨਹੀਂ ਆਏ। ਪਿਛਲੀ ਗਠਜੋਡ਼ ਸਰਕਾਰ ਦੇ ਸਮੇਂ ਹਾਊਸ ਵਿਚ ਲਗਭਗ ਹਰੇਕ ਬੈਠਕ ਦੌਰਾਨ ਆਪਣੀ ਅਾਵਾਜ਼ ਬੁਲੰਦ ਕਰਦਿਅਾਂ ਮੇਅਰ ਤੇ ਕਮਿਸ਼ਨਰ ਨਾਲ ਟੱਕਰ ਲੈਣ ਲਈ ਨਜ਼ਰ ਆਉਂਦੇ ਰਹੇ ਰਾਜਕੰਵਲਪ੍ਰੀਤਪਾਲ ਸਿੰਘ ਲੱਕੀ ਨਜ਼ਰ ਨਹੀਂ ਆਏ। ਗੈਰ-ਹਾਜ਼ਰ ਕੌਂਸਲਰਾਂ ਦੀਅਾਂ ਕੁਰਸੀਅਾਂ ’ਤੇ ਕੌਂਸਲਰ ਪਤੀ ਤੇ ਪੁੱਤਰ ਨਜ਼ਰ ਆਏ। 
ਕਰਨੀ ਤੇ ਕਥਨੀ ’ਚ ਫਰਕ 
ਨਿਗਮ ਦੀ ਪਹਿਲੀ ਬੈਠਕ ਵਿਚ ਸਿਰਫ ਲੋਕਾਂ ਵੱਲੋਂ ਚੁਣੇ ਕੌਂਸਲਰਾਂ ਨੂੰ ਹੀ ਹਾਊਸ ਵਿਚ ਬੈਠਣ ਦੀ ਸਹਿਮਤੀ ਦਿੱਤੀ ਗਈ ਸੀ ਅਤੇ ਕੌਂਸਲਰਾਂ ਦੇ ਪਤੀਅਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਹਾਊਸ ’ਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ 5 ਮਹੀਨਿਅਾਂ ਬਾਅਦ ਹੀ ਸਭ ਕੁਝ ਬਦਲਿਆ ਨਜ਼ਰ ਆਇਆ। ਕੌਂਸਲਰਾਂ ਦੀਅਾਂ ਕੁਰਸੀਅਾਂ ’ਤੇ ਨਿਯਮਾਂ ਦੇ ਉਲਟ ਉਨ੍ਹਾਂ ਦੇ ਪਤੀਅਾਂ ਤੇ ਪੁੱਤਰਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਜਨਤਾ ਵੱਲੋਂ ਔਰਤਾਂ ਨੂੰ ਹਾਊਸ ਦੀਅਾਂ ਮੈਂਬਰਾਂ ਬਣਾਇਆ ਗਿਆ ਹੈ, ਨਾ ਕਿ ਉਨ੍ਹਾਂ ਦੇ ਪਤੀ ਤੇ ਹੋਰ ਰਿਸ਼ਤੇਦਾਰਾਂ ਨੂੰ, ਜਦਕਿ ਐਕਟ 1976 ਮੁਤਾਬਿਕ ਬਾਇਲਾਜ ਤਹਿਤ ਆਊਟਰ ਵਿਅਕਤੀ ਨੂੰ ਹਾਊਸ ਵਿਚ ਬੈਠਣ ਲਈ ਪਛਾਣ ਪੱਤਰ ਸਮੇਤ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੈ। ਕਮਿਸ਼ਨਰ ਦੀ ਸਹਿਮਤੀ ਤੋਂ ਬਾਅਦ ਹੀ ਕੌਂਸਲਰਾਂ ਦੇ ਰਿਸ਼ਤੇਦਾਰ ਅੰਦਰ ਬੈਠ ਸਕਦੇ ਹਨ। ਸੁਪਰਡੈਂਟ ਸੁਭਾਸ਼ ਚੰਦਰ ਨੇ ਕਿਹਾ ਕਿ ਹਾਊਸ ਵਿਚ ਆਊਟਰ ਨੂੰ ਬੈਠਣ ਜਾਂ ਨਾ ਬੈਠਣ ਦੀ ਸਹਿਮਤੀ ਸਬੰਧੀ ਅਖਬਾਰਾਂ ਵਿਚ ਨੋਟਿਸ ਵੀ ਦਿੱਤੇ ਗਏ ਹਨ। 
ਨਾਜਾਇਜ਼ ਕਬਜ਼ਿਅਾਂ ਦਾ ਬੋਲਬਾਲਾ : ਢੋਟ
 ਭਾਜਪਾ ਦੇ ਨਗਰ ਨਿਗਮ ਧਿਰ ਦੇ ਡਿਪਟੀ ਨੇਤਾ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਅਾਂ ’ਤੇ ਨਾਜਾਇਜ਼ ਕਬਜ਼ਿਅਾਂ ਦਾ ਬੋਲਬਾਲਾ ਹੈ, ਜਿਸ ਕਰ ਕੇ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਿਗਮ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਹਾਊਸ ਵਿਚ ਕਾਂਗਰਸ ਦੇ ਕੌਂਸਲਰ ਹੀ ਵਿਰੋਧੀ ਧਿਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕੌਂਸਲਰ ਪ੍ਰਮੋਦ ਬਬਲਾ ਵੱਲੋਂ ਨਸ਼ਿਅਾਂ ਖਿਲਾਫ ਅਾਵਾਜ਼ ਬੁਲੰਦ ਕਰਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਇਹੀ ਗੱਲ ਅਸੀਂ ਬੋਲਦੇ ਤਾਂ ਕਹਿਣਾ ਸੀ ਕਿ ਵਿਰੋਧੀ ਬੋਲਦੇ ਹਨ। 
 ਇਨ੍ਹਾਂ ਮਤਿਅਾਂ ਨੂੰ ਮਿਲੀ ਪ੍ਰਵਾਨਗੀ
 ਹਾਊਸ ਦੀ ਬੈਠਕ ਦੌਰਾਨ 8 ਜੂਨ ਨੂੰ ਜਨਰਲ ਹਾਊਸ ਦੀ ਮੀਟਿੰਗ ਦੀ ਪੁਸ਼ਟੀ, ਸ਼ਹਿਰ ਨੂੰ ਸ਼ੌਚ-ਮੁਕਤ ਕਰਨ ਲਈ ਪਬਲਿਕ ਨੋਟਿਸ ਜਾਰੀ ਕਰਨ, ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਹਰਸਿਮਰਤ ਕੌਰ ਨੂੰ ਨੌਕਰੀ ਪ੍ਰਵਾਨ ਕਰਨ ਦੀ ਤਜਵੀਜ਼, ਸੂਫੀ ਗਾਇਕ ਪਿਆਰੇ ਲਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਸੰਜੀਵ ਕੁਮਾਰ ਨੂੰ ਨਿਗਮ ’ਚ ਨੌਕਰੀ ਦੇਣ ਦੀ ਪ੍ਰਵਾਨ ਕੀਤੀ ਤਜਵੀਜ਼ ਦੇ ਮਤੇ ਪਾਸ ਕੀਤੇ ਗਏ। ਬੈਠਕ ਵਿਚ ਪਿਛਲੀ ਬੈਠਕ ਦੀ ਤਰ੍ਹਾਂ ਏਜੰਡਾ ਫਾਈਲਾਂ ਪੂਰੀ ਤਰ੍ਹਾਂ ਤਿਆਰ ਨਹੀਂ ਕੀਤੀਅਾਂ ਗਈਅਾਂ, ਇਸ ਦੌਰਾਨ ਮੀਡੀਆ ਨੂੰ ਫਾਈਲਾਂ ਲੈਣ ਵਿਚ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। 
ਰਿਕਾਰਡ ਗਾਇਬ ਹੋਣ ’ਤੇ ਦਰਜ ਨਹੀਂ ਕਰਵਾਈ ਐੱਫ. ਆਈ. ਆਰ. : ਸੀਨੀਅਰ ਡਿਪਟੀ ਮੇਅਰ
ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ਦੌਰਾਨ ਤਿਆਰ ਡੀ. ਪੀ. ਆਰ. ਵਿਚ 1 ਰੁਪਏ ਦੀ ਚੀਜ਼ 10 ਰੁਪਏ ਵਿਚ ਦਿਖਾਈ ਜਾਂਦੀ ਹੈ। ਇਸ ਦੀ ਰੋਕਥਾਮ ਲਈ ਵੱਖ-ਵੱਖ ਨੁਮਾਇੰਦਿਅਾਂ ਦੀਅਾਂ ਕਮੇਟੀਅਾਂ ਤਿਆਰ ਕਰਨੀਅਾਂ ਜ਼ਰੂਰੀ ਹਨ। ਲੀਜ਼ ਦੀਅਾਂ ਪ੍ਰਾਪਰਟੀਅਾਂ ਦੀ ਸੂਚੀ ਰਿਕਾਰਡ ’ਚੋਂ ਗਾਇਬ ਹੋਣਾ ਮੰਦਭਾਗਾ ਹੈ। ਇਸ ਲਈ ਹੁਣ ਤੱਕ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕਰਵਾਈ ਗਈ। ਰਜਿਸਟਰਾਂ ਤੇ ਰਿਕਾਰਡ ਨੂੰ ਮੇਨਟੇਨ ਨਾ ਕਰਨਾ ਵਿਭਾਗ ਅਤੇ ਪਿਛਲੀ ਸਰਕਾਰ ਦੀ ਨਾਕਾਮੀ ਹੈ। ਰਿਕਾਰਡ ਮੇਨਟੇਨ ਰੱਖਣ ਲਈ ਵੀ ਕਮੇਟੀ ਬਣਾਉਣਾ ਜ਼ਰੂਰੀ ਹੈ।
 ਇਹ ਸਨ ਮੌਜੂਦ : ਹਾਊਸ ਦੀ ਬੈਠਕ ’ਚ ਕੌਂਸਲਰ ਨਵਦੀਪ ਸਿੰਘ ਹੁੰਦਲ, ਐਡਵੋਕੇਟ ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ ਭਗਤ, ਪਿੰਕੀ, ਸੁਰਿੰਦਰ ਰਿੰਕਾ, ਮਹੇਸ਼ ਖੰਨਾ, ਪ੍ਰਗਟ ਧੁੰਨਾ, ਸ਼ਿੰਦਰ ਕੌਰ, ਤਾਹਿਰ ਸ਼ਾਹ, ਊਸ਼ਾ ਰਾਣੀ, ਹਰਪ੍ਰੀਤ ਸਿੰਘ, ਪੂਨਮ ਉਮਟ, ਦਵਿੰਦਰ ਪਹਿਲਵਾਨ, ਅਵਿਨਾਸ਼ ਜੌਲੀ, ਸਤਨਾਮ ਸਿੰਘ, ਸੁਰਜੀਤ ਕੌਰ, ਮੋਨਿਕਾ ਸ਼ਰਮਾ, ਜਰਨੈਲ ਸਿੰਘ ਢੋਟ, ਮੀਤਾਂਜਲੀ ਸ਼ਰਮਾ, ਨੀਤੂ ਟਾਂਗਰੀ, ਸੰਨੀ ਕੁੰਦਰਾ, ਰੀਨਾ, ਜੁਆਇੰਟ ਕਮਿਸ਼ਨਰ ਸੌਰਭ ਅਰੋਡ਼ਾ, ਐੱਸ. ਈ. ਅਨੁਰਾਗ ਮਹਾਜਨ, ਐੱਸ. ਈ. ਪ੍ਰਦੁਮਨ ਸਿੰਘ, ਡਾ. ਰਾਜੂ ਚੌਹਾਨ, ਅਸ਼ੀਸ਼ ਕੁਮਾਰ ਆਦਿ ਮੌਜੂਦ ਸਨ। 


Related News