ਪੰਜਾਬ ''ਚ ਖੇਡਾਂ ਨੂੰ ਮਿਲੇਗਾ ਨਵਾਂ ਹੁਲਾਰਾ, ਮੀਤ ਹੇਅਰ ਵੱਲੋਂ ਅਨੁਰਾਗ ਠਾਕੁਰ ਨਾਲ ਮੁਲਾਕਾਤ
Saturday, Aug 06, 2022 - 12:33 PM (IST)
ਚੰਡੀਗੜ੍ਹ- ਪੰਜਾਬ ਦੇ ਖੇਡ ਮੰਤਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਪੰਜਾਬ ਦੇ ਖੇਡ ਮੰਤਰੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਮੁਲਾਕਾਤ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਗੁਰਮੀਤ ਸਿੰਘ ਮੀਤ ਹੇਅਰ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ਅੱਜ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਨਾਲ ਮੁਲਾਕਾਤ ਕਰਕੇ ਖੇਡਾਂ ਬਾਰੇ ਚਰਚਾ ਕੀਤੀ ਅਤੇ ਕੁੱਝ ਜ਼ਰੂਰੀ ਮਸਲਿਆਂ ਨੂੰ ਵਿਚਾਰਿਆ। ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ।
ਦੱਸ ਦੇਈਏ ਕਿ ਇਸ ਸਮੇਂ ਬਰਮਿੰਘਮ ਵਿਚ ਰਾਸ਼ਟਰਮੰਡਲ ਖੇਡਾਂ ਚੱਲ ਰਹੀਆਂ ਹਨ ਅਤੇ ਭਾਰਤ ਹੁਣ ਤੱਕ 26 ਤਮਗੇ ਜਿੱਤ ਚੁੱਕਾ ਹੈ। ਉਥੇ ਹੀ ਪੰਜਾਬ ਦੇ ਤਮਗਾ ਜੇਤੂ ਖਿਡਾਰੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੂੰ 40 ਲੱਖ ਰੁਪਏ, ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ, ਲੁਧਿਆਣੇ ਦੇ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ 40 ਲੱਖ ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।