'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?
Monday, Jul 01, 2024 - 10:50 PM (IST)
ਚੰਡੀਗੜ੍ਹ (ਅੰਕੁਰ) : ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ’ਚ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਬਹਿਸ ’ਚ ਹਿੱਸਾ ਲੈਂਦਿਆਂ ਪੰਜਾਬ ਦੇ ਨਾਂ ਦਾ ਜ਼ਿਕਰ ਵੀ ਨਾ ਹੋਣ ’ਤੇ ਖੇਦ ਪ੍ਰਗਟਾਇਆ।
ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫ਼ੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਸਰਹੱਦਾਂ ਉੱਤੇ ਫ਼ੌਜੀਆਂ ਵੱਲੋਂ ਸ਼ਹੀਦੀ ਪਾਉਣ ਤੇ ਖੇਡਾਂ ਖ਼ਾਸ ਕਰਕੇ ਓਲੰਪਿਕਸ ’ਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਮੌਕੇ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਪੰਜਾਬੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਜ਼ਿਕਰ ਕਰਦਿਆਂ ਪੰਜਾਬ ਨਾਲ ਕੇਂਦਰ ਦੀ ਵਿਤਕਰੇਬਾਜ਼ੀ ਤੇ ਗੁਆਂਢੀ ਸੂਬਿਆਂ ਨੂੰ ਟੈਕਸ ’ਚ ਛੋਟਾਂ ਦੇ ਕੇ ਪੰਜਾਬ ਦੇ ਉਦਯੋਗਾਂ ਨਾਲ ਧੱਕੇ ਦੀ ਗੱਲ ਕਹੀ। ਉਨ੍ਹਾਂ ਨੇ ਪੰਜਾਬ ਦੇ ਆਰ.ਡੀ.ਐੱਫ. ਸਮੇਤ ਰੋਕੇ 8000 ਕਰੋੜ ਰੁਪਏ ਦੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਰੱਖੀ। ਉਨ੍ਹਾਂ ਨੇ ਕੇਂਦਰੀ ਏਜੰਸੀਆਂ ਰਾਹੀਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਲੀਡਰਾਂ ਨੂੰ ਤੰਗ ਕਰਨ ਦਾ ਮੁੱਦਾ ਵੀ ਚੁੱਕਿਆ।
ਉਨ੍ਹਾਂ ਕਿਹਾ ਕਿ ਅਗਨੀਵੀਰ ਸਕੀਮ ਦਾ ਪਹਿਲਾ ਸ਼ਹੀਦ ਪੰਜਾਬੀ ਅੰਮ੍ਰਿਤਪਾਲ ਸਿੰਘ ਸੀ। ਉਨ੍ਹਾਂ ਨੇ ਮੁਲਾਜ਼ਮਾਂ ਦੇ ਹੱਕ ’ਚ ਬੋਲਦਿਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬੀ ਸਵੈਮਾਣ ਵਾਲੀ ਕੌਮ ਹੈ। ਉਹ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਸਾਡੇ ਕਿਸਾਨਾਂ ਨੂੰ ਹਰਿਆਣਾ ਤੋਂ ਅੱਗੇ ਨਹੀਂ ਜਾਣ ਦਿੱਤਾ।
ਇਹ ਵੀ ਪੜ੍ਹੋ- ਸੰਸਦ 'ਚ ਗਰਜੇ MP ਰਾਜਾ ਵੜਿੰਗ, ਮੂਸੇਵਾਲਾ ਕਤਲਕਾਂਡ ਤੇ ਕਿਸਾਨਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਕੀਤੇ ਤਿੱਖੇ ਵਾਰ
ਇਸ ਤੋਂ ਬਾਅਦ ਉਨ੍ਹਾਂ ਅਰਵਿੰਦ ਕੇਜਰੀਵਾਲ ਬਾਰੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਸਬੂਤ ਦੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਜੇਲ੍ਹ 'ਚ ਡੱਕਿਆ ਹੋਇਆ ਹੈ। ਹਾਲੇ ਤੱਕ ਉਨ੍ਹਾਂ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲ ਸਕਿਆ ਹੈ। ਇਸ ਦੌਰਾਨ ਜਦੋਂ ਅਦਾਲਤ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰੇਗੀ ਤੇ ਉਹ ਜੇਲ੍ਹ 'ਚੋਂ ਬਾਹਰ ਆਉਣਗੇ ਤਾਂ ਕੀ ਕੇਂਦਰ ਸਰਕਾਰ ਉਨ੍ਹਾਂ ਕੋਲੋਂ ਮੁਆਫ਼ੀ ਮੰਗੇਗੀ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e