ਪੰਜਾਬ ਸਰਕਾਰ ਨੇ ਰਿਟਾਇਰਡ ਪਟਵਾਰੀ ਰੱਖਣ ਦਾ ਨਿਰਦੇਸ਼ ਦੇ ਕੇ ਨੌਜਵਾਨਾਂ ਦਾ ਗਲਾ ਘੁੱਟਿਆ : ਮੀਤ ਹੇਅਰ

Monday, Aug 30, 2021 - 03:11 PM (IST)

ਪੰਜਾਬ ਸਰਕਾਰ ਨੇ ਰਿਟਾਇਰਡ ਪਟਵਾਰੀ ਰੱਖਣ ਦਾ ਨਿਰਦੇਸ਼ ਦੇ ਕੇ ਨੌਜਵਾਨਾਂ ਦਾ ਗਲਾ ਘੁੱਟਿਆ : ਮੀਤ ਹੇਅਰ

ਪਟਿਆਲਾ (ਜੋਸਨ) : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਰਿਟਾਇਰਡ ਪਟਵਾਰੀਆਂ ਨੂੰ 25 ਹਜ਼ਾਰ ਰੁਪਏ ਮਹੀਨਾ ਵੇਤਨ ਦੇ ਕੇ ਮੁੜ ਨੌਕਰੀ 'ਤੇ ਰੱਖਣ ਦਾ ਨਿਰਦੇਸ਼ ਦੇਣ ਮਗਰੋਂ ਆਮ ਆਦਮੀ ਪਾਰਟੀ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਮੀਤ ਹੇਅਰ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹਾ ਕਰਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਦਾ ਗਲਾ ਘੁੱਟਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਰਿਟਾਇਰ ਹੋਏ ਪਟਵਾਰੀਆਂ ਨੂੰ ਕੰਟਰੈਕਟ ਬੇਸ 'ਤੇ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਦੀ ਆਮ ਆਦਮੀ ਪਾਰਟੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।

ਆਮ ਆਦਮੀ ਪਾਰਟੀ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿ ਅੱਜ ਪੰਜਾਬ ਸਰਕਾਰ ਆਪਣਾ ਉਹ ਵਾਅਦਾ ਪੂਰੇ ਕਰੇ, ਜਿਹੜਾ ਉਸਨੇ ਪੰਜਾਬ ਦੇ ਲੋਕਾਂ ਨੂੰ ਸੱਤਾ ਤੋਂ ਆਉਣ ਤੋਂ ਪਹਿਲਾਂ ਕੀਤਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ ਪਰ ਇੱਥੇ ਨੌਕਰੀ ਦੇਣ ਦੀ ਬਜਾਏ ਰਿਟਾਇਰ ਹੋਏ ਲੋਕਾਂ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ, ਜਦੋਂ ਕਿ ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਉਥੇ ਹੀ ਦੂਜੇ ਪਾਸੇ ਨੌਕਰੀਆਂ ਕੱਢਣ ਤੋਂ ਬਾਅਦ ਵੀ ਉਨ੍ਹਾਂ ਨੂੰ ਰੱਦ ਕਰ ਰਹੀ ਹੈ। ਇਹਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਾਰਪੋਰੇਟ ਘਰਾਣਿਆਂ ਨਾਲ ਰਲਣ ਦਾ ਇਲਜ਼ਾਮ ਲਗਾ ਰਹੀ ਹੈ ਪਰ ਦੂਜੇ ਪਾਸੇ ਆਪਣੀ ਸੱਤਾ ਦੇ ਨਸ਼ੇ ਵਿੱਚ ਬੇਰੁਜ਼ਗਾਰਾਂ ਨਾਲ ਧ੍ਰੋਹ ਕਮਾ ਰਹੀ ਹੈ। ਇਸ ਮੌਕੇ ਪੰਜਾਬ ਸਹਿ ਸਕੱਤਰ ਗਗਨਦੀਪ ਸਿੰਘ ਚੱਢਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਜਿੰਦਰ ਸਿੰਘ ਢਿਲੋਂ ਤੋਂ ਇਲਾਵਾ ਭਾਰੀ ਗਿਣਤੀ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ।


 


author

Babita

Content Editor

Related News