ਮੋਹਾਲੀ : ਮੈਡੀਕਲ ਕਾਲਜ ਲਈ ਪਿੰਡ ਰਡਿਆਲਾ ਵਲੋਂ ਜ਼ਮੀਨ ਦੀ ਪੇਸ਼ਕਸ਼

Wednesday, Feb 28, 2018 - 03:46 PM (IST)

ਮੋਹਾਲੀ : ਮੈਡੀਕਲ ਕਾਲਜ ਲਈ ਪਿੰਡ ਰਡਿਆਲਾ ਵਲੋਂ ਜ਼ਮੀਨ ਦੀ ਪੇਸ਼ਕਸ਼

ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਜ਼ਿਲਾ ਮੋਹਾਲੀ ਵਿਚ ਨਵੇਂ ਉਸਾਰੇ ਜਾ ਰਹੇ ਮੈਡੀਕਲ ਕਾਲਜ ਲਈ ਆਪਣੀ ਕਰੋੜਾਂ ਰੁਪਏ ਦੀ ਜ਼ਮੀਨ ਦੇਣ ਲਈ ਖਰੜ ਨਗਰ ਕੌਂਸਲ ਦੀ ਹੱਦ ਦੇ ਬਿਲਕੁਲ ਨਾਲ ਲਗਦੇ ਪਿੰਡ ਰਡਿਆਲਾ ਦੀ ਗਰਾਮ ਪੰਚਾਇਤ ਵਲੋਂ ਪੇਸ਼ਕਸ਼ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਵਲੋਂ ਜ਼ਿਲਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਇਕ ਚਿੱਠੀ ਲਿਖੀ ਗਈ ਹੈ, ਜਿਸ 'ਤੇ ਸਰਪੰਚ ਜਸਵੀਰ ਕੌਰ, ਆਜ਼ਾਦ ਸਿੰਘ, ਚਰਨ ਸਿੰਘ, ਬਲਜਿੰਦਰ ਕੌਰ, ਬਲਜੀਤ ਕੌਰ, ਸੁਰਿੰਦਰ ਸਿੰਘ, ਬਲਬੀਰ ਸਿੰਘ (ਸਾਰੇ ਪੰਚ) ਬਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮਿੰਦਰ ਸਿੰਘ ਤੇ ਨਿਰਮਲ ਸਿੰਘ ਨੰਬਰਦਾਰ ਅਤੇ ਇਸ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਮਾਵੀ ਦੇ ਦਸਤਖਸਤ ਹਨ।
ਉਨ੍ਹਾਂ ਚਿੱਠੀ ਵਿਚ ਲਿਖਿਆ ਹੈ ਕਿ ਉਨ੍ਹਾਂ ਦਾ ਪਿੰਡ ਖਰੜ ਨਗਰ ਕੌਂਸਲ ਦੀ ਹੱਦ ਦੇ ਬਿਲਕੁਲ ਨਾਲ ਲੱਗਦਾ ਹੈ ਤੇ ਇਸ ਦੇ ਨਾਲ ਹੀ ਦੁਆਬਾ ਕਾਲਜ, ਰਿਆਤ ਬਾਹਰਾ ਯੂਨੀਵਰਿਸਟੀ ਅਤੇ ਵਿਦਿਅਕ ਅਦਾਰੇ ਮੌਜੂਦ ਹਨ। ਉਨ੍ਹਾਂ ਦੀ ਪੰਚਾਇਤੀ ਜ਼ਮੀਨ ਇਲਾਕੇ ਵਿਚ ਬਣਨ ਵਾਲੇ 200 ਫੁੱਟ ਚੌੜੇ ਹਾਈਵੇ, ਜੋ ਸੈਕਟਰ-39 ਚੰਡੀਗੜ੍ਹ ਤੋਂ ਨੈਸ਼ਨਲ ਹਾਈਵੇ ਨੰਬਰ 21 ਦੇ ਨਾਲ ਬਣਨਾ ਹੈ, ਦੇ ਬਿਲਕੁਲ ਨਾਲ ਲਗਦੀ ਹੈ। ਗਰਾਮ ਪੰਚਾਇਤ ਕੋਲ ਮੈਡੀਕਲ ਕਾਲਜ ਨੂੰ ਮੁਹੱਈਆ ਕਰਵਾਉਣ ਲਈ ਲੋੜੀਂਦੀ ਜ਼ਮੀਨ ਤੋਂ ਵੱਧ ਰਕਬਾ ਹੈ। ਉਨ੍ਹਾਂ ਲਿਖਿਆ ਹੈ ਕਿ ਗਰਾਮ ਪੰਚਾਇਤ ਨੇ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋੜੀਂਦੀ ਜ਼ਮੀਨ ਕਾਲਜ ਨੂੰ ਦੇਣ ਲਈ ਮਤਾ ਪਾਸ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਪਿੰਡ ਦੀ ਜ਼ਮੀਨ ਦਾ ਸਰਵੇ ਕਰਵਾ ਕੇ ਮੈਡੀਕਲ ਕਾਲਜ ਲਈ ਜਿੰਨੀ ਜ਼ਮੀਨ ਦੀ ਲੋੜ ਹੈ, ਉਹ ਲੈ ਲਈ ਜਾਵੇ ਤੇ ਇਹ ਕਾਲਜ ਪਿੰਡ ਰਡਿਆਲਾ ਵਿਖੇ ਖੋਲ੍ਹਿਆ ਜਾਵੇ।


Related News