ਮੰਤਰੀ ਵੇਰਕਾ ਵਲੋਂ ਸਰਕਾਰੀ ਮੈਡੀਕਲ ਕਾਲਜ ’ਚ ਚੱਲ ਰਹੇ ਪ੍ਰੋਜੈਕਟਾਂ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਹੁਕਮ
Monday, Oct 18, 2021 - 04:32 PM (IST)
 
            
            ਚੰਡੀਗੜ੍ਹ : ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਇਸ ਕਾਲਜ ਅਤੇ ਹਸਪਤਾਲ ਲਈ 341.50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਵਿਵਸਥਾ ਕੀਤੀ ਗਈ ਹੈ। ਡਾ. ਵੇਰਕਾ ਅੱਜ ਇੱਥੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ’ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਵੀ.ਸੀ. ਡਾ. ਰਾਜ ਬਹਾਦਰ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਜਾਇੰਟ ਡਾਇਰੈਕਟਰ ਡਾ. ਆਕਾਸ਼ਦੀਪ ਅਤੇ ਡਾ. ਪੁਨੀਤ ਗਿਰਧਰ ਹਾਜ਼ਰ ਸਨ।
ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਵੱਲੋਂ 1920 ਤੋਂ ਸਿਹਤ ਦੇ ਖੇਤਰ ਵਿਚ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਅੱਜ ਇਥੇ ਡਾ. ਵੇਰਕਾ ਨੇ ਕਿਹਾ ਉਹ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾ ਪੱਧਰ ਉੱਚਾ ਚੁੱਕਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਆਖਿਆ। ਇਸੇ ਵੇਲੇ ਮੈਡੀਕਲ ਕਾਲਜ ਵਿਚ 190.36 ਕਰੋੜ ਦੇ ਪ੍ਰੋਜੈਕਟ ਚੱਲ ਰਹੇ ਹਨ। ਇਨ੍ਹਾਂ ਵਿਚੋਂ ਰੈਜ਼ੀਡੈਂਟ ਹੋਸਟਲ, ਸਟੇਟ ਕੈਂਸਰ ਇੰਸਟੀਚਿਊਟ, ਗਰਲਜ਼ ਹੋਸਟਲਜ਼ ਦਾ ਕੰਮ ਇਸੇ ਸਾਲ ਅਕੂਤਬਰ ਵਿਚ ਮੁਕੰਮਲ ਹੋ ਜਾਵੇਗਾ ਜਦਕਿ ਗਰੁੱਪ ਸੀ./ਡੀ ਲਈ 50 ਕੁਆਟਰ, ਮੋਰਚਰੀ, ਡੈਂਟਲ ਹੋਸਟਲਜ਼ ਅਤੇ ਨਰਸਿੰਗ ਹੋਸਟਲ ਇਸੇ ਸਾਲ ਦਸਬੰਰ ਵਿਚ ਬਣ ਕੇ ਤਿਆਰ ਹੋ ਜਾਣ ਦੀ ਪੱਕੀ ਸੰਭਾਵਨਾ ਹੈ। 104 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਮਾਰਚ 2022 ਵਿਚ ਮੁਕੰਮਲ ਹੋ ਜਾਵੇਗਾ। ਇਸ ਦਾ ਇਸੇ ਸਮੇਂ ਤੱਕ 60 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ। ਗੌਰਤਲਬ ਹੈ ਕਿ ਮੈਡੀਕਲ ਕਾਲਜ ਵਿਚ 16.5 ਕਰੋੜ ਰੁਪਏ ਦੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਿਨ੍ਹਾਂ ਵਿਚ ਬੇਸਿਕ ਸਾਇੰਸ ਬਲਾਕ ਅਤੇ ਸਟੂਡੈਂਟ ਸੈਂਟਰ ਸ਼ਾਮਲ ਹਨ।
ਡਾ. ਵੇਰਕਾ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਚ 134.64 ਕਰੋੜ ਰੁਪਏ ਦੇ ਹੋਰ ਨਵੇਂ ਪ੍ਰੋਜੈਕਟ ਪ੍ਰਵਾਨਗੀ ਦੀ ਪ੍ਰਕਿਰਿਆ ਅਧੀਨ ਹਨ। ਇਨਾਂ ਵਿਚ ਐਸ.ਟੀ.ਪੀ., ਈ.ਟੀ.ਪੀ., ਸੀਵਰੇਜ ਲਾਈਨ, ਵਾਰਡਨ ਹਾਊਸਜ਼, ਓਪਨ ਏਅਰ ਥੀਏਟਰ, ਡਾਕਰਟਾਂ ਦੀ ਰਿਹਾਇਸ਼, ਲੜਕਿਆਂ ਦਾ ਨਵਾਂ ਹੋਸਟਲ, ਖੇਡ ਸੁਵਿਧਾਵਾਂ, ਟੀ. ਬੀ. ਹਸਪਤਾਲ, ਮਾਡਲ ਬਲੱਡ ਬੈਂਕ, ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਦਾ ਕੰਮ ਸ਼ਾਮਲ ਹਨ ਜਿਸ ਨੂੰ ਦਸੰਬਰ 2022 ਤੱਕ ਪੂਰੇ ਕੀਤੇ ਜਾਣ ਦਾ ਪ੍ਰਸਤਾਵ ਹੈ ਜਦਕਿ ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਨੂੰ ਮੁਕੰਮਲ ਕਰਨ ਦਾ ਟੀਚਾ ਮਾਰਚ 2023 ਨਿਰਧਾਰਤ ਕੀਤਾ ਗਿਆ ਹੈ। ਡਾ. ਵੇਰਕਾ ਨੇ ਇਸ ਸਾਰੇ ਕੰਮਾਂ ਨੂੰ ਸਮੇਂ ਸਿਰ ਅਮਲ ਵਿਚ ਲਿਆਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਵਧੀਆ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਸਕਣ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            