ਮੇਅਰ ਖੋਸਲਾ ਨੇ ਕਾਂਗਰਸ ਦਾ ਕੱਚਾ ਚਿੱਠਾ ਖੋਲ੍ਹਦਿਅਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ?

Thursday, Aug 02, 2018 - 06:24 AM (IST)

ਮੇਅਰ ਖੋਸਲਾ ਨੇ ਕਾਂਗਰਸ ਦਾ ਕੱਚਾ ਚਿੱਠਾ ਖੋਲ੍ਹਦਿਅਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ?

ਫਗਵਾੜਾ, (ਰੁਪਿੰਦਰ ਕੌਰ)- ਫਗਵਾੜਾ ਦੇ ਮੇਅਰ ਅਰੁਣ ਖੋਸਲਾ ਜੋ ਪਿਛਲੇ ਕਈ ਦਿਨਾਂ ਤੋਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਾਂਗਰਸ ਦੇ ਨਿਸ਼ਾਨੇ ’ਤੇ ਸਨ, ਨੇ ਅੱਜ ਮੀਡਿਆ 'ਚ ਆ ਕੇ ਵਿਕਾਸ ਨਾ ਹੋਣ ਪਿਛੇ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਨੂੰ ਗਲਤ ਦਸਦੇ ਹੋਏ ਉਲਟਾ ਕਾਂਗਰਸ ਦਾ ਕੱਚਾ ਚਿੱਠਾ ਖੋਲ੍ਹਦਿਅਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿਰਫ਼ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ 'ਚ ਹੀ 1182.85 ਲੱਖ ਰੁਪਏ ਦੇ ਕੰਮ ਹੋਏ ਹਨ। 
ਖੋਸਲਾ ਨੇ ਅੱਜ ਦਿੱਤੇ ਧਰਨੇ ਨੂੰ ਸਿਰਫ਼ ਇਕ ਡਰਾਮਾ ਦਸਦੇ ਕਿਹਾ ਕਿ ਕਾਂਗਰਸੀਅਾਂ ਦੇ ਵਾਰੇ ਸਿਰਫ ਇੰਨਾ ਹੀ ਕਹਿਣਗੇ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ? ਧਰਨੇ ਦੀ ਅਗਵਾਈ ਕਰਨ ਵਾਲੇ ਅਤੇ ਸਭ ਤੋਂ  ਵੱਧ ਰੌਲਾ ਪਾਉਣ ਵਾਲੇ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਦੇ ਵਾਰਡ ਵਿਚ  380 ਲੱਖ ਦੇ ਕੰਮ ਹੋਏ ਹਨ। ਮੇਅਰ ਖੋਸਲਾ ਨੇ ਅੱਜ ਆਪਣੇ ਦਫਤਰ ਵਿਚ ਕੌਂਸਲਰ ਅਨੁਰਾਗ ਮਾਨਖੰਡ, ਰਾਜ ਕੁਮਾਰ ਗੁਪਤਾ, ਕੁਲਵਿੰਦਰ ਸਿੰਘ ਕਿੰਦਾ, ਪਰਮਜੀਤ ਸਿੰਘ ਖੁਰਾਣਾ, ਅਮਰਜੀਤ, ਮਹਿੰਦਰ ਥਾਪਰ, ਮਨਦੀਪ ਕੌਰ, ਰਵਿੰਦਰ ਰਵੀ, ਇਦੰਰਜੀਤ ਸੋਨਕਰ, ਸੰਜੇ ਗਰੋਵਰ, ਰੋਹਿਤ ਪਾਠਕ, ਭਾਜਪਾ ਨੇਤਾ ਬਲਭੱਦਰ ਸੇਨ ਦੁੱਗਲ, ਪ੍ਰਦੀਪ ਆਹੁਜਾ, ਪਰਮਜੀਤ ਸਿੰਘ ਪੰਮਾ ਚਾਚੋਕੀ, ਪ੍ਰਮੋਦ ਮਿਸ਼ਰਾ ਆਦਿ ਦੀ ਹਾਜ਼ਰੀ 'ਚ ਕਿਹਾ ਕਿ ਕਾਂਗਰਸ ਸਰਕਾਰ ਨੇ ਨਿਗਮ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਹੈ, ਇਸ ਲਈ  ਕਾਂਗਰਸੀ ਸਿਰਫ ਆਪਣੀ ਚਮੜੀ ਬਚਾਉਣ ਵਿਚ ਲੱਗੇ ਹੋਏ ਹਨ।
ਮੇਅਰ ਅਰੁਣ ਖੋਸਲਾ ਨੇ ਪਿਛਲੇ ਡੇਢ ਸਾਲ ਵਿਚ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿਚ ਹੋਏ ਕੰਮਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਕੌਂਸਲਰ ਦਰਸ਼ਨ ਲਾਲ ਧਰਮਸੌਤ ਦੇ ਵਾਰਡ ਵਿਚ 156.86 ਲੱਖ ਰੁਪਏ, ਸ ਗੁਰਬਚਨ ਸਿੰਘ ਵਾਲੀਆ ਦੇ 93.15 ਲੱਖ ਰੁਪਏ, ਜਤਿੰਦਰ ਵਰਮਾਨੀ ਦੇ 7.78 ਲੱਖ ਰੁਪਏ, ਮਦਨ ਲਾਲ ਦੇ 101.74 ਲੱਖ ਰੁਪਏ, ਮਨੀਸ਼ ਪ੍ਰਭਾਕਰ ਦੇ 83.71 ਲੱਖ ਰੁਪਏ, ਪਦਮ ਦੇਵ ਸੁਧੀਰ ਦੇ 52.86 ਲੱਖ ਰੁਪਏ, ਪਰਵਿੰਦਰ ਕੌਰ ਰਘਬੋਤਰਾ ਦੇ 67.52 ਲੱਖ ਰੁਪਏ, ਰਾਮ ਪਾਲ ਉੱਪਲ ਦੇ 7 ਲੱਖ ਰੁਪਏ, ਰਮਾ ਰਾਣੀ ਦੇ 30.46 ਲੱਖ ਰੁਪਏ, ਰਵਿੰਦਰ ਰਵੀ ਦੇ 32.34 ਲੱਖ ਰੁਪਏ, ਸੰਗੀਤਾ ਗੁਪਤਾ ਦੇ 89.32 ਲੱਖ ਰੁਪਏ, ਸੰਜੀਵ ਸ਼ਰਮਾ ਬੁੱਗਾ ਦੇ 380.81 ਲੱਖ ਰੁਪਏ, ਸਤਿੰਦਰ ਸਿੰਘ ਉਭੀ ਦੇ 40.4 ਲੱਖ ਰੁਪਏ ਅਤੇ ਸਤਿਆ ਦੇਵੀ ਦੇ 38.9 ਲੱਖ ਰੁਪਏ ਵਿਕਾਸ ਕੰਮਾਂ ’ਤੇ ਖਰਚ ਕੀਤੇ ਗਏ  ਹਨ। 
ਇਸ ਤੋਂ ਇਲਾਵਾ  ਇਨ੍ਹਾਂ ਕੌਂਸਲਰਾਂ ਦੇ ਵਾਰਡਾਂ ਵਿਚ ਪੁਰਾਣੀਅਾਂ ਸਟਰੀਟ ਲਾਈਟਾਂ ਲਾਹ ਕੇ ਨਵੀਅਾਂ ਐੱਲ. ਈ. ਡੀ. ਲਾਈਟਾਂ ਲਗਾਈਆਂ ਗਈਅਾਂ ਹਨ। ਇਸਦੇ ਬਾਵਜੂਦ ਵੀ ਕਾਂਗਰਸੀ ਕੌਂਸਲਰ ਉਨ੍ਹਾਂ 'ਤੇ ਵਿਕਾਸ ਕੰਮ ਨਾ ਕਰਵਾਏ ਜਾਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਕੋਲ ਦਸਣ ਲਈ ਕੋਈ ਪ੍ਰਾਪਤੀ ਨਹੀਂ ਹੈ, ਜਿਹੜੇ ਵਿਕਾਸ ਕੰਮ ਹੋਏ ਹਨ, ਉਹ ਸਭ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹੈ। '


Related News