ਮਾਇਆਵਤੀ ਜਲੰਧਰ ਸੀਟ ’ਤੇ ਠੋਕ ਸਕਦੀ ਹੈ ਦਾਅਵਾ !
Monday, Jan 16, 2023 - 11:46 PM (IST)
ਲੁਧਿਆਣਾ (ਮੁੱਲਾਂਪੁਰੀ)-ਦੁਆਬੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਲੋਕ ਸਭਾ ਹਲਕਾ ਜਲੰਧਰ, ਜਿਥੇ ਮੌਜੂਦਾ ਐੱਮ. ਪੀ. ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਭਾਵੇਂ ਕਾਂਗਰਸ ਪਾਰਟੀ ’ਤੇ ਮੁੜ ਕਬਜ਼ਾ ਕਰਨ ਲਈ ਚੌਧਰੀ ਪਰਿਵਾਰ ਦੇ ਕਿਸੇ ਜੀਅ ਨੂੰ ਟਿਕਟ ਦੇ ਕੇ ਸ਼ਰਧਾਂਜਲੀ ਅਤੇ ਹਮਦਰਦੀ ਤੋਂ ਇਲਾਵਾ ਕੀਤੇ ਹੋਏ ਵਿਕਾਸ ਕੰਮਾਂ ਨੂੰ ਅੱਗੇ ਰੱਖ ਕੇ ਵੋਟ ਮੰਗੇਗੀ, ਜਦਕਿ ਨਾਲ ਹੀ ਇਸ ਵਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਰਿਪੋਰਟ ਕਾਰਡ ਵੀ ਪੇਸ਼ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਦੀ ਗੋਲ਼ੀ ਲੱਗਣ ਨਾਲ ਮੌਤ
ਬਸਪਾ ਸੁਪਰੀਮੋ ਭੈਣ ਮਾਇਆਵਤੀ ਨੇ ਜਿਸ ਤਰੀਕੇ ਨਾਲ ਦੇਸ਼ ’ਚ ਕਿਸੇ ਪਾਰਟੀ ਨਾਲ ਗੱਠਜੋੜ ਨਾ ਕਰਨ ਤੋਂ ਤੌਬਾ ਕੀਤੀ ਹੈ ਅਤੇ ਹੁਣ ਤੱਕ ਸਿਆਸੀ ਨੁਕਸਾਨ ਹੀ ਝੱਲਿਆ ਹੈ, ਉਸ ਸਬੰਧੀ ਬਿਆਨ ਦਿੱਤਾ ਹੈ। ਇਸ ਬਿਆਨ ’ਤੇ ਸਿਆਸੀ ਮਾਹਿਰਾਂ ਨੇ ਸਿਆਸੀ ਪੱਤਰੀ ਖੋਲ੍ਹਦਿਆਂ ਕਿਹਾ ਕਿ ਪੰਜਾਬ ਦੇ ਅਕਾਲੀ ਦਲ ਨੇਤਾ ਅਤੇ ਬਸਪਾ ਨੇਤਾ ਪੰਜਾਬ ’ਚ ਗੱਠਜੋੜ ਦੀਆਂ ਚਰਚਾਵਾਂ ਕਰੀ ਜਾ ਰਹੇ ਹਨ। ਜੇਕਰ ਇਹ ਗੱਲ ਸੱਚੀ ਹੈ ਤਾਂ ਭੈਣ ਮਾਇਆਵਤੀ ਜਲੰਧਰ ਤੋਂ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਵਜੋਂ ਦਾਅਵਾ ਠੋਕ ਸਕਦੀ ਹੈ ਕਿਉਂਕਿ 4 ਵਿਧਾਨ ਸਭਾ ਹਲਕੇ ਰਾਖਵੇਂ ਅਤੇ ਪੰਜਾਬ ’ਚ ਸਭ ਤੋਂ ਵੱਡਾ ਦਲਿਤ ਵੋਟ ਬੈਂਕ ਜਲੰਧਰ ਲੋਕ ਸਭਾ ਹਲਕੇ ’ਚ ਮੰਨਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਰਦੀ ਦੀਆਂ ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ
ਸਿਆਸੀ ਮਾਹਿਰਾਂ ਨੇ ਕਿਹਾ ਕਿ ਜੇਕਰ ਭੈਣ ਮਾਇਆਵਤੀ ਨੇ ਅਕਾਲੀਆਂ ਅੱਗੇ ਇਹ ਪ੍ਰਸਤਾਵ ਰੱਖ ਦਿੱਤਾ ਤਾਂ ਅਕਾਲੀ ਦਲ ਕੜੱਕੀ ਪੈ ਸਕਦਾ ਹੈ। ਬਾਕੀ ਭਾਜਪਾ ਨਾਲ ਜੇਕਰ ਅਕਾਲੀਆਂ ਦਾ ਗੱਠਜੋੜ ਨਾ ਹੋਇਆ ਤਾਂ ਉਹ ਸੰਗਰੂਰ ਵਾਂਗ ਇਕੱਲੀ ਮੈਦਾਨ ’ਚ ਉਤਰੇਗੀ। ਇਸ ਕਰ ਕੇ ਹੁਣ ਆਉਣ ਵਾਲੇ ਦਿਨਾਂ ’ਚ ਜਲੰਧਰ ਲੋਕ ਸਭਾ ਹਲਕਾ ਚੋਣ ਦੰਗਲ ਬਣੇਗਾ। ਕਿਸ ਹਲਕੇ ’ਚ ਵੋਟਰ ਕੀ ਫ਼ੈਸਲਾ ਲੈਣਗੇ, ਇਹ ਕਹਿਣਾ ਮੁਸ਼ਕਿਲ ਹੈ ਪਰ ਜਲੰਧਰ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਰਹੇਗਾ ਅਤੇ ਉਮੀਦਵਾਰ ਦੀ ਭਾਲ ਲਈ ਪਾਰਟੀਆਂ ਸਿਆਸੀ ਕਸਰਤ ’ਚ ਜੁੱਟ ਗਈਆਂ ਹਨ। ਜਲੰਧਰ ਨਾਲ ਜੁੜੇ ਹੋਰ ਵੀ ਕਈ ਮੁੱਦੇ ਹਨ, ਜੋ ਚੋਣਾਂ ’ਚ ਵੱਡੀ ਸਿਰਦਰਦੀ ਵੀ ਬਣ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ