ਅਮਰਿੰਦਰ ਤੇ ਜਾਖੜ ਦੀ ਰਾਹੁਲ ਨਾਲ ਫਰਵਰੀ ''ਚ ਇਕ ਹੋਰ ਬੈਠਕ ਸੰਭਵ

01/20/2018 7:42:26 AM

ਜਲੰਧਰ  (ਧਵਨ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਪੰਜਾਬ ਮੰਤਰੀ ਮੰਡਲ ਵਿਸਤਾਰ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਫਰਵਰੀ ਦੇ ਤੀਸਰੇ ਹਫਤੇ 'ਚ ਇਕ ਹੋਰ ਬੈਠਕ ਸੰਭਵ ਹੈ, ਜਿਸ ਵਿਚ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਚਿਹਰਿਆਂ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਚਰਚਾ ਕੀਤੀ ਜਾਵੇਗੀ। ਫਿਲਹਾਲ ਇਕ ਮਹੀਨੇ ਤਕ ਇਸ ਮਾਮਲੇ 'ਚ ਹੁਣ ਹੋਰ ਚਰਚਾਵਾਂ 'ਤੇ ਰੋਕ ਲਗ ਗਈ ਹੈ ਪਰ ਜਿਵੇਂ ਹੀ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਪੂਰੀਆਂ ਹੋਣਗੀਆਂ, ਉਂਝ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮਿਲਣਗੇ।
ਦੱਸਿਆ ਜਾਂਦਾ ਹੈ ਕਿ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਨੂੰ ਲੈ ਕੇ ਇਕ ਸਹਿਮਤੀ ਤਾਂ ਪਹਿਲਾਂ ਹੀ ਬਣ ਚੁੱਕੀ ਹੈ ਪਰ ਇਨ੍ਹਾਂ ਮੈਂਬਰਾਂ ਦੇ ਨਾਵਾਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਇਨ੍ਹਾਂ ਮੈਂਬਰਾਂ ਦੇ ਨਾਂ ਜਾਣਦੇ ਹਨ। ਕਲ ਦਿੱਲੀ 'ਚ ਹੋਈ ਬੈਠਕ 'ਚ ਕੈਪਟਨ ਨੇ ਇਨ੍ਹਾਂ ਨਾਵਾਂ 'ਤੇ ਚਰਚਾ ਤਾਂ ਰਾਹੁਲ ਦੇ ਨਾਲ ਨਹੀਂ ਕੀਤੀ ਪਰ ਮੰਨਿਆ ਜਾਂਦਾ ਹੈ ਕਿ ਉਹ ਇਕਦਮ ਸਪੱਸ਼ਟ ਹਨ ਕਿ ਕਿਨ੍ਹਾਂ ਮੈਂਬਰਾਂ ਨੂੰ ਮੰਤਰੀ ਮੰਡਲ 'ਚ ਸਥਾਨ ਦਿੱਤਾ ਜਾਣਾ ਹੈ।
ਲੁਧਿਆਣਾ ਚੋਣਾਂ ਕਾਰਨ ਇਸ ਲਈ ਮੰਤਰੀ ਮੰਡਲ ਵਿਸਤਾਰ ਨੂੰ ਅੱਗੇ ਕੀਤਾ ਗਿਆ ਕਿਉਂਕਿ ਲੁਧਿਆਣਾ ਤੋਂ ਵੀ ਇਕ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਵੀ ਮਾਰਚ ਮਹੀਨੇ 'ਚ ਸ਼ੁਰੂ ਹੋਣਾ ਹੈ। ਇਸ ਲਈ ਮੁੱਖ ਮੰਤਰੀ ਦੀ ਕੋਸ਼ਿਸ਼ ਰਹੇਗੀ ਕਿ ਬਜਟ ਸੈਸ਼ਨ ਤੋਂ ਪਹਿਲਾਂ ਨਵੇਂ ਮੰਤਰੀ ਬਣਾ ਦਿੱਤੇ ਜਾਣ ਤਾਂਕਿ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਵਿਰੋਧੀ ਧਿਰ ਦਾ ਜ਼ੋਰਦਾਰ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ। ਫਰਵਰੀ ਦੇ ਆਖਰੀ ਹਫਤੇ 'ਚ ਹੋਣ ਵਾਲੀ ਬੈਠਕ 'ਚ ਹੀ ਨਵੇਂ ਮੰਤਰੀਆਂ ਦੇ ਨਾਲ-ਨਾਲ ਲੁਧਿਆਣਾ ਦੇ ਮੇਅਰ ਦੇ ਨਾਂ 'ਤੇ ਵੀ ਮੋਹਰ ਲੱਗ ਜਾਏਗੀ।


Related News