ਮੌੜ ਮੰਡੀ ਬਲਾਸਟ: ਜਾਂਚ ਲਈ ਸਿਰਸਾ ਪੁੱਜੀ ਬਠਿੰਡਾ SIT ਦੀ ਟੀਮ ਨੇ ਰਿਕਾਰਡ ਕੀਤਾ ਤਲਬ
Wednesday, Jan 22, 2020 - 10:25 AM (IST)
            
            ਸਿਰਸਾ (ਲਲਿਤ): ਮੌੜ ਮੰਡੀ 'ਚ ਵਿਧਾਨ ਸਭਾ ਚੌਣਾਂ ਦੌਰਾਨ ਕਾਂਗਰਸ ਲੀਡਰ ਹਰਮਿੰਦਰ ਸਿੰਘ ਜੈਸੀ ਦੀ ਰੈਲੀ 'ਚ ਹੋਏ ਬੰਬ ਬਲਾਸਟ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਠਿੰਡਾ ਐੱਸ.ਆਈ.ਟੀ. ਦੀ ਟੀਮ ਸਿਰਸਾ ਪੁੱਜੀ। ਐੱਸ.ਆਈ. ਗੁਰਦਰਸ਼ਨ ਸਿੰਘ ਦੀ ਅਗਵਾਈ 'ਚ ਆਈ 5 ਮੈਂਬਰੀ ਟੀਮ ਨੇ ਸਿਰਸਾ 'ਚ ਤਹਿਸੀਲ, ਨਗਰ ਕੌਂਸਲ 'ਤੇ ਡਾਕਘਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ। ਟੀਮ ਮੈਂਬਰਾਂ ਨੇ ਇਸ ਮਾਮਲੇ ਬਾਰੇ ਕੁੱਝ ਵੀ ਦੱਸਣ ਤੋਂ ਸਾਫ ਮਨ੍ਹਾ ਕਰ ਦਿੱਤਾ ਪਰ ਜਾਣਕਾਰੀ 'ਚ ਆਇਆ ਕਿ ਐੱਸ.ਆਈ.ਟੀ. ਇਸ ਮਾਮਲੇ 'ਚ ਨਾਮਜ਼ਦ ਤਿੰਨ ਮੁਲਜ਼ਮਾਂ ਦੀ ਪ੍ਰਾਪਰਟੀ ਸਬੰਧੀ ਅਤੇ ਉਨ੍ਹਾਂ ਬਾਰੇ ਹੋਰ ਜ਼ਰੂਰੀ ਜਾਣਕਾਰੀ ਲੈ ਕੇ ਗਈ ਹੈ। ਟੀਮ ਨੇ ਇੱਥੇ ਤਹਿਸੀਲ ਦਫਤਰ 'ਚ ਅਧਿਕਾਰੀਆਂ ਨਾਲ ਇਕ ਸਰਟੀਫਾਈਡ ਕਾਪੀ ਨੂੰ ਲੈ ਕੇ ਜਾਣਕਾਰੀ ਮੰਗੀ ਸੀ। ਅਫਸਰਾਂ ਨੇ ਉਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਪੀ ਸਿਰਸਾ ਦੇ ਨਾਇਬ ਤਹਿਸੀਲਦਾਰ ਨੇ ਹੀ ਸਰਟੀਫਾਈਡ ਕੀਤੀ ਹੈ। ਨਗਰ ਕੌਂਸਲ ਦਫਤਰ 'ਚ ਟੀਮ ਮੈਂਬਰਾਂ ਨੂੰ ਜੋ ਜ਼ਰੂਰੀ ਰਿਕਾਰਡ ਮੰਗੇ ਹਨ, ਉਹ ਵੀ ਦਿੱਤੇ ਗਏ। ਡਾਕਘਰ ਤੋਂ ਟੀਮ ਨੇ ਇਕ ਪੱਤੇ 'ਤੇ ਵੀ ਚਿੱਠੀ ਜਾਂ ਕੋਈ ਡਾਕ ਬਾਰੇ ਜਾਣਕਾਰੀ ਮੰਗੀ ਸੀ। ਡਾਕਘਰ ਵਾਲਿਆਂ ਨੇ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ। ਟੀਮ ਜ਼ਰੂਰੀ ਰਿਕਾਰਡ ਤਲਬ ਕਰਨ ਤੋਂ ਬਾਅਦ ਚਲੀ ਗਈ।
ਜਾਣਕਾਰੀ ਮੁਤਾਬਕ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਦਲਗੜ੍ਹ, ਗੁਰਤੇਜ ਸਿੰਘ ਪੁੱਤਰ ਰੋਲਿਆਂ ਰਾਮ ਵਾਸੀ ਅਲੀਕਾਂ ਡੱਬਵਾਲੀ ਹਾਲ ਏ ਵਾਸੀ ਸਿਰਸਾ ਤੇ ਅਵਤਾਰ ਸਿੰਘ ਪੁੱਤਰ ਰਾਜਪਾਲ ਵਾਸੀ ਕੁਰੀਕਸ਼ੇਤਰ ਹਾਲ ਏ ਵਾਸੀ ਸਿਰਸਾ ਨਾਮਜ਼ਦ ਹਨ। ਪੁਲਸ ਨੇ ਡੇਰੇ ਦੀ ਚੇਅਰਪਰਸਨ ਵਿਪਸਨਾ ਇੰਸਾਂ ਨੂੰ ਇਸ ਮਾਮਲੇ ਦੀ ਜਾਂਚ 'ਚ ਸ਼ਾਮਲ ਹੋਣ ਦਾ ਨੋਟਿਸ ਚਿਪਕਾ ਕੇ 15 ਜਨਵਰੀ ਨੂੰ ਬਠਿੰਡਾ ਪੇਸ਼ ਹੋਣ ਲਈ ਕਿਹਾ ਸੀ। ਡੇਰਾ ਚੇਅਰਪਰਸਨ ਵਿਪਸਨਾ ਦੀ ਥਾਂ 'ਤੇ ਕਿਸੇ ਹੋਰ ਨੇ ਡੇਰੇ ਦਾ ਪ੍ਰਤੀਨਿਧੀ ਬਣ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ।
