ਗਿੱਲੇ ਗੋਹੇ ਵਾਂਗ ਧੁਖ਼ਦੈ ਸਹੂਲਤਾਂ ਤੋਂ ਸੱਖਣੇ ਲੋਕਾਂ ਦਾ ਜੀਵਨ

Wednesday, Dec 26, 2018 - 10:11 AM (IST)

ਗਿੱਲੇ ਗੋਹੇ ਵਾਂਗ ਧੁਖ਼ਦੈ ਸਹੂਲਤਾਂ ਤੋਂ ਸੱਖਣੇ ਲੋਕਾਂ ਦਾ ਜੀਵਨ

ਜਲੰਧਰ (ਜੁਗਿੰਦਰ ਸੰਧੂ)—ਦੋ ਦਰਿਆਵਾਂ ਦੀ ਬੁੱਕਲ 'ਚ ਸਰਹੱਦ ਕੰਢੇ ਸਥਿਤ 'ਟਾਪੂ' ਦੇ ਪਿੰਡਾਂ ਤੱਕ 'ਵਿਕਾਸ' ਨਾਂ ਦੇ ਪੰਛੀ ਨੇ ਕਦੇ ਗੇੜਾ ਨਹੀਂ ਮਾਰਿਆ। ਹਾਲਾਂਕਿ ਇਸ ਇਲਾਕੇ ਦੇ ਪਿੰਡ ਦੋ ਜ਼ਿਲਿਆਂ ਪਠਾਨਕੋਟ ਅਤੇ ਗੁਰਦਾਸਪੁਰ ਨਾਲ ਸਬੰਧਤ ਹਨ ਅਤੇ ਦੋ ਵਿਧਾਇਕ ਇਸ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ ਪਰ ਫਿਰ ਵੀ ਹਰ ਪਾਸੇ ਬਦਹਾਲੀ ਦੀ ਧੂੜ ਉੱਡਦੀ ਰਹਿੰਦੀ ਹੈ। ਸਹੂਲਤਾਂ ਤੋਂ ਸੱਖਣੇ ਲੋਕਾਂ ਦਾ ਜੀਵਨ ਗਿੱਲੇ ਗੋਹੇ ਵਾਂਗ ਧੁਖ਼ ਰਿਹਾ ਹੈ। ਬਾਕੀ ਪੰਜਾਬ ਵਾਂਗ ਇਨ੍ਹਾਂ ਪਿੰਡਾਂ ਦੀ ਕਿਰਸਾਨੀ ਵੀ ਕਰਜ਼ੇ ਦੇ ਭਾਰ ਹੇਠ ਡੁੱਬੀ ਹੋਈ ਹੈ ਅਤੇ ਵੱਖਰੀ ਤ੍ਰਾਸਦੀ ਇਹ ਹੈ ਕਿ ਇਸ ਇਲਾਕੇ ਵੱਲ ਮਜ਼ਦੂਰ ਵੀ ਮੂੰਹ ਨਹੀਂ ਕਰਦੇ। ਯੂ. ਪੀ., ਬਿਹਾਰ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਖੇਤ ਮਜ਼ਦੂਰ 'ਟਾਪੂ' ਤੋਂ ਦੂਰ ਹੀ ਰਹਿੰਦੇ ਹਨ, ਜਿਸ ਕਾਰਨ ਸਾਰੀ ਕਹੀ-ਕੁਹਾੜੀ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ੁਦ ਹੀ ਚਲਾਉਣੀ ਪੈਂਦੀ ਹੈ। ਇਸੇ ਤਰ੍ਹਾਂ ਘਰਾਂ ਦੇ ਬਾਕੀ ਕੰਮ ਕਰਨ ਲਈ ਜਾਂ ਖਰਾਬ ਹੋਈਆਂ ਚੀਜ਼ਾਂ ਠੀਕ ਕਰਵਾਉਣ ਲਈ ਵੀ ਲੋਕਾਂ ਨੂੰ ਆਪ ਹੀ ਜੂਝਣਾ ਪੈਂਦਾ ਹੈ। ਕੋਈ ਫੇਰੀ ਵਾਲਾ, ਸਬਜ਼ੀ ਵਾਲਾ ਜਾਂ ਘਰੇਲੂ ਲੋੜ ਦੀਆਂ ਚੀਜ਼ਾਂ ਵੇਚਣ ਵਾਲਾ ਵੀ ਇਸ ਇਲਾਕੇ ਵਿਚ ਜਾਣ ਤੋਂ ਪ੍ਰਹੇਜ਼ ਹੀ ਕਰਦਾ ਹੈ। ਪਿੰਡਾਂ ਵਿਚ ਟੈਲੀਫੋਨ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ, ਕੁਝ ਲੋਕਾਂ ਕੋਲ ਮੋਬਾਇਲ ਜ਼ਰੂਰ ਹਨ ਪਰ ਸਰਹੱਦ ਕੰਢੇ ਵੱਸੇ ਪਿੰਡਾਂ 'ਚ ਉਹ ਵੀ ਨਹੀਂ ਚੱਲਦੇ। 

ਨਾ ਟਰਾਂਸਪੋਰਟ, ਨਾ ਪੁਲਸ ਚੌਕੀ, ਨਾ ਫਾਇਰ ਬ੍ਰਿਗੇਡ, ਬੱਸ ਸਭ ਕੁਝ ਪ੍ਰਮਾਤਮਾ ਦੇ ਭਰੋਸੇ ਹੀ ਚੱਲ ਰਿਹਾ ਹੈ। ਸਰਕਾਰੀ ਪ੍ਰਤੀਨਿਧੀਆਂ ਅਤੇ ਸੱਤਾਧਾਰੀ ਨੇਤਾਵਾਂ ਨੇ ਤਾਂ ਕਦੇ ਇਸ ਖੇਤਰ 'ਚ ਗੇੜਾ ਵੀ ਨਹੀਂ ਮਾਰਿਆ। ਇਨ੍ਹਾਂ ਪਿੰਡਾਂ ਦੀ ਤਰਸਯੋਗ ਹਾਲਤ ਨੂੰ ਧਿਆਨ 'ਚ ਰੱਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ 488ਵੇਂ ਟਰੱਕ ਦੀ ਸਮੱਗਰੀ ਪਿੰਡ ਭਰਿਆਲ 'ਚ ਇਕੱਠੇ ਹੋਏ ਲੋੜਵੰਦ ਪਰਿਵਾਰਾਂ ਨੂੰ ਵੰਡੀ ਗਈ ਸੀ।  
ਇਹ ਰਾਹਤ ਸਮੱਗਰੀ ਜਲਾਲਾਬਾਦ ਪੱਛਮੀ (ਫਿਰੋਜ਼ਪੁਰ) ਤੋਂ ਪੰਜਾਬ ਕੇਸਰੀ ਗਰੁੱਪ ਦੇ ਪ੍ਰਤੀਨਿਧੀ ਹਰੀਸ਼ ਸੇਤੀਆ ਵਲੋਂ ਸ਼ਹਿਰੀਆਂ ਦੇ ਸਹਿਯੋਗ ਨਾਲ ਭਿਜਵਾਈ ਗਈ ਸੀ। ਇਸ ਸਮੱਗਰੀ ਵਿਚ 300 ਥੈਲੀ ਆਟਾ, 300 ਥੈਲੀ ਚਾਵਲ (ਪ੍ਰਤੀ ਥੈਲੀ 10 ਕਿਲੋ) ਅਤੇ 300 ਕੰਬਲ ਸ਼ਾਮਲ ਸਨ।

ਰਾਹਤ ਲੈਣ ਲਈ ਜੁੜੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਰਾਜ ਸਿੰਘ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਨੂੰ 70 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ 'ਟਾਪੂ' ਨਾਲ ਸਬੰਧਤ ਪਿੰਡਾਂ ਦੇ ਲੋਕ ਅੱਜ ਵੀ ਗੁਲਾਮੀ ਦੇ ਦਿਨਾਂ ਵਰਗਾ ਜੀਵਨ ਹੀ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਥੋਂ ਦੇ ਲੋਕਾਂ ਦਾ ਦੁੱਖ-ਦਰਦ ਤਾਂ ਕੀ ਵੰਡਾਉਣਾ ਹੈ, ਉਨ੍ਹਾਂ ਕੋਲ ਗੱਲ ਸੁਣਨ ਲਈ ਵੀ ਸਮਾਂ ਨਹੀਂ। ਕੋਈ ਮੰਤਰੀ ਜਾਂ ਵਿਧਾਇਕ ਗਲਤੀ ਨਾਲ ਵੀ ਇਥੇ ਆਉਣ ਤੋਂ ਸੰਕੋਚ ਕਰਦਾ ਹੈ। ਇਹੋ ਕਾਰਨ ਹੈ ਕਿ ਲੋਕਾਂ ਨੂੰ ਅਤਿ-ਮੁਸ਼ਕਲ ਹਾਲਾਤ 'ਚ ਗੁਜ਼ਾਰਾ ਕਰਨਾ ਪੈਂਦਾ ਹੈ। 

ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਲੋਕਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਤਕ ਇਹ ਖੇਤਰ ਹਰ ਤਰ੍ਹਾਂ ਨਾਲ ਨਜ਼ਰਅੰਦਾਜ਼ ਰਿਹਾ ਹੈ। ਕਿਸੇ ਪ੍ਰਾਈਵੇਟ ਸੰਸਥਾ ਨੇ ਵੀ ਇਲਾਕੇ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪੰਜਾਬ ਕੇਸਰੀ ਗਰੁੱਪ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਦਰਦ ਪਛਾਣਿਆ ਅਤੇ ਇਥੇ ਰਾਹਤ-ਸਮੱਗਰੀ ਦੇ ਕਈ ਟਰੱਕ ਭਿਜਵਾ ਦਿੱਤੇ। ਇਸ ਦੇ ਨਾਲ ਹੀ ਗਰੁੱਪ ਦੀਆਂ ਅਖ਼ਬਾਰਾਂ ਵਿਚ ਵੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਉਠਾਇਆ ਜਾ ਰਿਹਾ ਹੈ, ਜਿਸ ਨਾਲ ਆਸ ਬੱਝੀ ਹੈ ਕਿ ਸ਼ਾਇਦ ਹੁਣ ਸਰਕਾਰ ਦਾ ਧਿਆਨ ਇਧਰ ਵੀ ਆਵੇਗਾ ਅਤੇ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ। 

ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਪੀੜਤਾਂ ਅਤੇ ਬੇਸਹਾਰਾ ਲੋਕਾਂ ਦਾ ਸਾਥ ਦਿੱਤਾ ਹੈ। ਕਿਸੇ ਵੀ ਸੂਬੇ ਵਿਚ ਕੋਈ ਆਫਤ ਆਈ ਤਾਂ ਝੱਟ ਉਥੋਂ ਦੇ ਲੋਕਾਂ ਨੂੰ ਮਦਦ ਭਿਜਵਾਈ ਗਈ। ਪਿਛਲੇ ਦਿਨੀਂ ਕੇਰਲਾ ਵਿਚ ਹੜ੍ਹ ਆਇਆ ਤਾਂ ਉਥੋਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਕਰੋੜਾਂ ਰੁਪਏ ਇਕੱਠੇ ਕਰ ਕੇ ਭਿਜਵਾਏ ਗਏ। ਉਨ੍ਹਾਂ ਕਿਹਾ ਕਿ 'ਟਾਪੂ' ਦੇ ਲੋਕਾਂ ਦੀ ਸਿਰਫ ਮਦਦ ਹੀ ਨਹੀਂ ਕੀਤੀ ਜਾਵੇਗੀ, ਸਗੋਂ ਉਨ੍ਹਾਂ ਦੀ ਆਵਾਜ਼ ਵੀ ਸਰਕਾਰ ਤਕ ਪਹੁੰਚਾਈ ਜਾਵੇਗੀ ਤਾਂ ਜੋ ਮੁਸ਼ਕਲਾਂ ਦੇ ਹੱਲ ਲਈ  ਕਦਮ ਚੁੱਕੇ ਜਾ ਸਕਣ। ਉਨ੍ਹਾਂ ਭਰੋਸਾ ਦਿਵਾਇਆ ਕਿ ਇਲਾਕੇ ਲਈ ਹੋਰ ਸੰਭਵ ਸਹਾਇਤਾ ਵੀ ਭਿਜਵਾਈ ਜਾਵੇਗੀ। 

ਰਾਹਤ ਮੁਹਿੰਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ। ਪੱਤਰ ਸਮੂਹ ਵੱਲੋਂ ਅੱਤਵਾਦ ਪੀੜਤਾਂ ਲਈ ਤਾਂ ਇਕ ਵੱਖਰਾ 'ਸ਼ਹੀਦ ਪਰਿਵਾਰ ਫੰਡ' ਵੀ ਸਥਾਪਤ ਕੀਤਾ ਗਿਆ ਹੈ, ਜਿਸ ਅਧੀਨ ਸਬੰਧਤ ਪਰਿਵਾਰ ਨੂੰ ਨਕਦ ਰਾਸ਼ੀ ਅਤੇ ਘਰੇਲੂ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲੋੜਵੰਦਾਂ ਦੀ ਮਦਦ ਜਾਰੀ ਰੱਖੀ ਜਾਵੇਗੀ।

ਪਿੰਡ ਭਰਿਆਲ ਵਿਚ ਸਥਿਤ ਮਿਡਲ ਸਕੂਲ ਦੇ ਹੈੱਡ ਮਾਸਟਰ ਨਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਇਸ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ ਤਾਂ ਜੋ ਇਥੋਂ ਦੇ ਲੋਕ ਵੀ ਸਹੂਲਤਾਂ ਦਾ ਨਿੱਘ ਮਾਣ ਸਕਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਬੱਚਿਆਂ ਦੀ ਸਿੱਖਿਆ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪਿੰਡ ਦੇ ਸਰਪੰਚ ਰੂਪ ਲਾਲ ਨੇ ਰਾਹਤ-ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ 'ਤੇ ਪਿੰਡ ਦੇ ਸਾਬਕਾ ਸਰਪੰਚ ਸ਼ਾਮ ਸਿੰਘ, ਇੰਸਪੈਕਟਰ ਸਤਨਾਮ ਸਿੰਘ, ਹਰਦਿਆਲ ਸਿੰਘ ਅਮਨ ਅਤੇ ਇਕਬਾਲ ਸਿੰਘ ਅਰਨੇਜਾ ਵੀ ਮੌਜੂਦ ਸਨ।


Related News