SGPC ਪ੍ਰਧਾਨ ਵਲੋਂ ਵਾਅਦਾ ਖਿਲਾਫੀ ਤੋਂ ਦੁਖੀ ਫੱਗੂਵਾਲਾ ਵਲੋਂ ਮਰਨ ਵਰਤ ''ਤੇ ਬੈਠਣ ਦਾ ਐਲਾਨ

Thursday, Mar 01, 2018 - 11:35 AM (IST)

SGPC ਪ੍ਰਧਾਨ ਵਲੋਂ ਵਾਅਦਾ ਖਿਲਾਫੀ ਤੋਂ ਦੁਖੀ ਫੱਗੂਵਾਲਾ ਵਲੋਂ ਮਰਨ ਵਰਤ ''ਤੇ ਬੈਠਣ ਦਾ ਐਲਾਨ

ਸੰਗਰੂਰ (ਬੇਦੀ) — ਮਸਤੂਆਣਾ ਸਾਹਿਬ ਵਿਖੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੀ ਤਰਜ 'ਤੇ ਬਣੀ ਗੁਰੂਦੁਆਰਾ ਸਾਹਿਬ ਦੀ ਇਮਾਰਤ 'ਚ ਫੇਰ ਬਦਲ ਲਈ ਕਰੀਬ 9 ਸਾਲ ਪਹਿਲਾਂ ਜਾਰੀ ਹੋਏ ਹੁਕਮਨਾਮੇ (ਆਦੇਸ਼) ਦੀ ਕੀਤੀ ਜਾ ਰਹੀ ਉਲੰਘਣਾਂ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਰੋਕ ਦੇਣ ਦੀ ਬਜਾਏ ਕਿਸੇ ਸਾਜਿਸ਼ ਤਹਿਤ ਅਤੇ ਆਰ.ਐੱਸ.ਐੱਸ ਦੇ ਹੁਕਮਾਂ ਅਨੁਸਾਰ ਹੀ ਲਗਾਤਾਰ ਚੱਲ ਰਿਹਾ ਹੈ। ਇਹ ਦੋਸ਼ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਸੂਬਾ ਸਕੱਤਰ ਯੂਨਾਇਟਿਡ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ। ਫੱਗੂਵਾਲਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਾਰੀ ਇਸ ਸਘੰਰਸ਼ ਦੌਰਾਨ ਕਈ ਵਾਰ ਭੁੱਖ ਹੜਤਾਲਾਂ ਅਤੇ ਮਰਨ ਵਰਤ ਵੀ ਕੀਤੇ ਗਏ ਪਰ ਹਰ ਵਾਰ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ ਦੇ ਨਾਮ 'ਤੇ ਵਾਅਦਾ ਖਿਲਾਫੀ ਹੁੰਦੀ ਰਹੀ। ਇਸ ਵਾਰ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਅੰਦਰ ਜਾਰੀ ਹੋਏ ਹੁਕਨਾਮੇ ਨੂੰ ਅਮਲ 'ਚ ਲਿਆ ਕੇ ਤਬਦੀਲੀਆਂ ਕੀਤੀਆਂ ਜਾਣਗੀਆਂ ਪਰ ਉਨ੍ਹਾਂ ਇਸ ਵਾਰ ਵੀ ਧੋਖਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਹੁਕਮਨਾਮੇ (ਆਦੇਸ਼) 'ਤੇ ਕੋਈ ਫੈਸਲਾ ਨਾ ਲਿਆ ਤਾਂ ਉਹ ਐੱਸ. ਜੀ. ਪੀ. ਸੀ. ਦੇ ਮੁੱਖ ਦਫਤਰ ਅਮ੍ਰਿਤਸਰ ਵਿਖੇ ਹੀ ਮਰਨ ਵਰਤ 'ਤੇ ਬੈਠਣਗੇ । 
ਜਥੇਦਾਰ ਫੱਗੂਵਾਲਾ ਨੇ ਕਿਹਾ ਕਿ 20 ਜੂਨ 2009 ਨੂੰ ਅਕਾਲ ਤਖਤ ਸਾਹਿਬ ਵੱਲੋਂ ਇਕ ਹੁਕਮ ਜਾਰੀ ਹੋਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਮਸਤੂਆਣਾ ਸਾਹਿਬ ਵਿਖੇ ਸੋਰਵਰ 'ਚ ਬਣੀ ਇਮਾਰਤ ਜੋ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਦਾ ਭੁਲੇਖਾ ਪਾਉਂਦੀ ਹੈ, ਉਸ ਦਾ ਸਾਰਾ ਸਰੋਵਰ ਪੂਰ ਦਿੱਤਾ ਜਾਵੇ, ਇਮਾਰਤ ਨੂੰ ਜਾਂਦਾ ਪੁਲ ਢਾਹ ਦਿੱਤਾ ਜਾਵੇ, ਸਚਖੰਡ ਸ੍ਰੀ ਹਰਮਿੰਦਰ ਸਾਹਿਬ ਦੀ ਹਰ ਕੀ ਪੌੜੀ ਵਰਗੀ ਦਿੱਖ ਪਾਉਂਦੀ ਇਮਾਰਤ ਦਾ ਹਿੱਸਾ ਗਿਰਾ ਦਿੱਤਾ ਜਾਵੇ ਅਤੇ ਇਮਾਰਤ ਦੇ ਆਲੇ-ਦੁਆਲੇ ਬਰਾਂਡਾ ਬਣਾ ਦਿੱਤਾ ਜਾਵੇ, ਗੁਰੂਦੁਆਰਾ ਸਾਹਿਬ ਦੀਆਂ ਉਪਰਲੀਆਂ ਗੁੰਬਦੀਆਂ ਢਾਹ ਕੇ ਕੇਵਲ ਇਕ ਹੀ ਗੁੰਬਦ ਬਣਾਇਆ ਜਾਵੇ ਅਤੇ ਇਸ ਦਾ ਨਾਮ ਸ੍ਰੀ ਗੁਰੂ ਸਿੰਘ ਸਭਾ ਮਸਤੂਆਣਾ ਰੱਖਿਆ ਜਾਵੇ । ਉਨ੍ਹਾਂ ਦੋਸ਼ ਲਾਉਦਿਆਂ ਕਿਹਾ ਕਿ ਕੁਝ ਰਾਜਸੀ ਲੋਕ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਚਾ ਮੰਨਦੇ ਹਨ। ਇਸੇ ਲਈ ਅਕਾਲ ਤਖਤ ਸਾਹਿਬ ਤੋਂ 9 ਸਾਲ ਪਹਿਲਾਂ ਜਾਰੀ ਹੋਏ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਹੰਕਾਰ 'ਚ ਆ ਕੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੇ ਕੰਮ ਨੂੰ ਜਾਰੀ ਰੱਖ ਰਹੇ ਹਨ ਅਤੇ ਲੋਕਾਂ ਨੂੰ ਮੂਰਖ ਬਨਾਉਣ ਲਈ ਬਰਾਂਡੇ ਬਣਾ ਕੇ ਅੰਦਰ ਚੋਰੀ ਛੁਪੇ ਕੰਮ ਚਲਾ ਰਹੇ ਹਨ । ਉਨ੍ਹਾਂ ਸਵਾਲ ਕੀਤਾ ਕਿ ਇਸ ਵਿਵਾਦਤ ਇਮਾਰਤ ਸਬੰਧੀ ਅਦਾਲਤ 'ਚ ਚੱਲ ਰਹੇ ਕੇਸ ਦੀ ਪੈਰਵੀ ਕਿਸ ਦੇ ਇਸ਼ਾਰੇ 'ਤੇ ਹੋ ਰਹੀ ਹੈ ਤੇ ਕਿਉਂ ਹੋ ਰਹੀ ਹੈ?  ਉਨ੍ਹਾਂ ਕਿਹਾ ਕਿ ਸਿੱਖ ਜੁਡੀਸ਼ੀਅਲ ਅਦਾਲਤ ਵੱਲੋ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਇਹ ਪ੍ਰਾਪਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਹੈ, ਜਿਸ ਨੂੰ ਵੇਚਿਆ ਨਹੀ ਜਾ ਸਕਦਾ ਤੇ ਨਾ ਹੀ ਕਿਸੇ ਦੇ ਨਾਮ ਹੋ ਸਕਦੀ ਹੈ ਫਿਰ ਰਾਜਸੀ ਲੋਕ ਕਬਜਾ ਕਿਉਂ ਨਹੀ ਛਡਦੇ? ਉਨ੍ਹਾਂ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਜਲਦੀ ਲਾਗੂ ਕੀਤਾ ਜਾਵੇ ਨਹੀ ਤਾਂ ਉਨ੍ਹਾਂ ਨੂੰ ਮਜਬੂਰਨ ਐੱਸ.ਜੀ.ਪੀ.ਸੀ. ਦੇ ਮੁੱਖ ਦਫਤਰ ਸਾਹਮਣੇ ਮਰਨ ਵਰਤ ਸ਼ੁਰੂ ਕਰਨਾ ਪਵੇਗਾ।
ਇਸ ਸਬੰਧੀ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਰਆਰਾ ਸਾਹਿਬ 'ਚ ਜੋ ਕੁਝ ਵੀ ਤਬਦੀਲ ਕਰਨਾ ਹੈ, ਉਸ ਲਈ ਕੰਮ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਮੁਕੰਮਲ ਹੋ ਜਾਵੇਗਾ । ਫੱਗੂਵਾਲਾ ਵੱਲੋਂ ਉਨ੍ਹਾਂ 'ਤੇ ਲਗਾਏ ਦੋਸ਼ਾਂ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਆਪਣਾ ਕੰਮ ਕਰ ਹੀ ਰਹੇ ਹਾਂ।
 


Related News