ਚੰਡੀਗੜ੍ਹ 'ਚ ਲੱਗਾ ਭਾਰੀ ਟ੍ਰੈਫਿਕ ਜਾਮ! ਸੈਕਟਰ-15, 11 ਅਤੇ PU ਵੱਲ ਨਾ ਜਾਣ ਦੀ ਸਲਾਹ
Tuesday, Sep 15, 2026 - 02:23 PM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਦੇ ਬਾਹਰ ਕਾਂਗਰਸ ਪਾਰਟੀ ਦੇ ਵਿਸ਼ਾਲ ਪ੍ਰਦਰਸ਼ਨ ਕਾਰਨ ਅੱਜ ਸ਼ਹਿਰ 'ਚ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਕਾਂਗਰਸ ਆਗੂਆਂ ਸਚਿਨ ਪਾਇਲਟ, ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਰੋਕਣ ਲਈ ਪੁਲਸ ਵੱਲੋਂ ਸਖ਼ਤ ਬੈਰੀਕੇਡਿੰਗ ਕੀਤੀ ਗਈ। ਇਸ ਕਾਰਨ ਮੱਧ ਮਾਰਗ ਸਮੇਤ ਸੈਕਟਰ-15 ਦੇ ਆਲੇ-ਦੁਆਲੇ ਦੇ ਕਈ ਸੈਕਟਰਾਂ 'ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਚੰਨੀ ਨੂੰ ਮਨਾਉਣ ’ਚ ਕਾਮਯਾਬ ਹੋਏ ਪਾਇਲਟ! ਇੰਚਾਰਜ ਬਣਨ ਮਗਰੋਂ ਅੱਜ ਪਹਿਲੀ ਵਾਰ ਪੁੱਜਣਗੇ ਪੰਜਾਬ
ਸਵੇਰੇ ਕਰੀਬ 10 ਵਜੇ ਤੋਂ ਹੀ ਕਾਂਗਰਸੀ ਵਰਕਰਾਂ ਅਤੇ ਉਨ੍ਹਾਂ ਦੇ ਵਾਹਨਾਂ ਦਾ ਸੈਕਟਰ-15 ਪਹੁੰਚਣਾ ਸ਼ੁਰੂ ਹੋ ਗਿਆ ਸੀ। ਦੁਪਹਿਰ 12 ਵਜੇ ਤੱਕ ਵਾਹਨਾਂ ਦੀ ਗਿਣਤੀ ਵੱਧਣ ਕਾਰਨ ਸੈਕਟਰ-15 ਦੀਆਂ ਅੰਦਰੂਨੀ ਸੜਕਾਂ ਕਾਂਗਰਸੀ ਵਰਕਰਾਂ ਦੇ ਵਾਹਨਾਂ ਨਾਲ ਪੂਰੀ ਤਰ੍ਹਾਂ ਭਰ ਗਈਆਂ, ਜਿਸ ਨਾਲ ਸੜਕਾਂ 'ਤੇ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ। ਕਾਂਗਰਸ ਵੱਲੋਂ ਇਸ ਸ਼ਕਤੀ ਪ੍ਰਦਰਸ਼ਨ 'ਚ ਪੰਜ ਹਜ਼ਾਰ ਵਰਕਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਾਮ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਸੈਕਟਰ-15 ਅਤੇ 11 ਵੱਲ ਜਾਂਦਾ ਅੰਡਰਪਾਸ ਵੀ ਟ੍ਰੈਫਿਕ ਨਾਲ ਬੁਰੀ ਤਰ੍ਹਾਂ ਜਾਮ ਦਿਖਾਈ ਦਿੱਤਾ। ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਦਿਆਂ ਪੀ. ਜੀ. ਆਈ. ਵੱਲ ਜਾਂਦੇ ਮੱਧ ਮਾਰਗ 'ਤੇ ਮਜ਼ਬੂਤ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਇਸ ਕਾਰਨ ਟ੍ਰੈਫਿਕ ਨੂੰ ਸੈਕਟਰ-15 ਦੇ ਨਾਲ ਲੱਗਦੇ ਹੋਰ ਸੈਕਟਰਾਂ ਵੱਲ ਡਾਇਵਰਟ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਫਾਇਰਮੈਨ ਭਰਤੀ ਵਿਵਾਦ ਮਾਮਲੇ 'ਚ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਸੁਣਾਇਆ ਫ਼ੈਸਲਾ
ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਬੀਤੇ ਦਿਨ ਹੀ ਐਡਵਾਈਜ਼ਰੀ ਜਾਰੀ ਕਰਕੇ ਸੈਕਟਰ 15/16 ਲਾਈਟ ਪੁਆਇੰਟ ਤੋਂ ਜੀ.ਐਮ.ਐਸ.ਐਚ. ਸੈਕਟਰ-16 ਚੌਂਕ ਤੱਕ ਅਤੇ ਮੱਧ ਮਾਰਗ 'ਤੇ ਜੀ.ਐਮ.ਐਸ.ਐਚ. ਸੈਕਟਰ 16 ਚੌਂਕ ਤੋਂ ਪੀ.ਜੀ.ਆਈ. ਚੌਂਕ ਤੱਕ ਟ੍ਰੈਫਿਕ ਪ੍ਰਭਾਵਿਤ ਰਹਿਣ ਦੀ ਜਾਣਕਾਰੀ ਦਿੱਤੀ ਗਈ ਸੀ। ਟ੍ਰੈਫਿਕ ਡਾਇਵਰਸ਼ਨ ਕਾਰਨ ਸੈਕਟਰ-15 ਦੇ ਨਾਲ ਲੱਗਦੇ ਸੈਕਟਰ 11, 12, 14 ਅਤੇ ਸੈਕਟਰ 16 ਤੱਕ ਟ੍ਰੈਫਿਕ ਵਿਵਸਥਾ ਉਲਝੀ ਰਹੀ। ਪੰਜਾਬ ਯੂਨੀਵਰਸਿਟੀ, ਸੈਕਟਰ 11 ਸਥਿਤ ਸਰਕਾਰੀ ਕਾਲਜ ਅਤੇ ਇਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ 'ਚ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਪੁਲਸ ਵੱਲੋਂ ਆਮ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਅਤੇ ਫਿਲਹਾਲ ਪੀ. ਜੀ. ਆਈ., ਪੰਜਾਬ ਯੂਨੀਵਰਸਿਟੀ, ਸੈਕਟਰ 15 ਅਤੇ ਸੈਕਟਰ 11 ਵੱਲ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਦੁਪਹਿਰ ਕਰੀਬ ਚਾਰ ਵਜੇ ਤੱਕ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
