ਫੌਜੀ ਸਨਮਾਨਾਂ ਨਾਲ ਸ਼ਹੀਦ ਪਲਵਿੰਦਰ ਸਿੰਘ ਦਾ ਸਸਕਾਰ, ਦਿਲ ਚੀਰਵੀਆਂ ਆਵਾਜ਼ਾਂ ਨਾਲ ਗੂੰਜਿਆ ਆਸਮਾਨ (ਤਸਵੀਰਾਂ)
Wednesday, Dec 06, 2017 - 07:26 PM (IST)

ਬਟਾਲਾ (ਖੋਖਰ) : ਬਟਾਲਾ ਨੇੜਲੇ ਪਿੰਡ ਰਾਏਚੱਕ ਦਾ ਜਵਾਨ ਪਲਵਿੰਦਰ ਸਿੰਘ ਜੋ ਭਾਰਤੀ ਫੌਜ ਦੀ 10 ਸਿੱਖ ਬਟਾਲੀਅਨ ਵਿਚ ਹੌਲਦਾਰ ਵਜੋਂ ਤਾਇਨਾਤ ਸੀ, ਬੀਤੇ ਕੱਲ ਜੰਮੂ-ਕਸ਼ਮੀਰ ਦੇ ਸ਼ਹਿਰ ਸ਼੍ਰੀਨਗਰ ਤੋਂ 50 ਕਿਲੋਮੀਟਰ ਦੂਰ ਖੰਨੇਵਾਲ ਵਿਖੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਿਆ ਸੀ, ਉਸਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਪਿੰਡ ਰਾਏਚੱਕ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਫੌਜ ਦੇ ਅਧਿਕਾਰੀਆਂ, ਜਵਾਨਾਂ, ਸਿਵਲ ਅਤੇ ਪੁਲਸ ਦੇ ਅਧਿਕਾਰੀਆਂ ਨੇ ਵੀ ਸ਼ਹੀਦ ਪਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸ਼ਹੀਦ ਪਲਵਿੰਦਰ ਸਿੰਘ ਦੀ ਤਿਰੰਗੇ 'ਚ ਲਿਪਟੀ ਮ੍ਰਿਤਕ ਦੇਹ ਬੁੱਧਵਾਕ ਸਵੇਰੇ ਜਦੋਂ ਪਿੰਡ ਰਾਏਚੱਕ ਪਹੁੰਚੀ ਤਾਂ ਸਾਰੇ ਪਿੰਡ ਵਿਚ ਮਾਤਮ ਪਸਰ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਨਮ ਅੱਖਾਂ ਨਾਲ ਆਪਣੇ ਨਾਇਕ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਭਾਰਤ ਮਾਤਾ ਦੀ ਜੈ ਅਤੇ ਸ਼ਹੀਦ ਪਲਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਅਕਾਸ਼ ਵਿਚ ਗੂੰਜ ਰਹੇ ਸਨ। ਸ਼ਮਸ਼ਾਨ ਘਾਟ ਵਿਖੇ ਭਾਰਤੀ ਫੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਆਪਣੇ ਸਾਥੀ ਨੂੰ ਸੋਕ ਸਲਾਮੀ ਭੇਂਟ ਕੀਤੀ। ਪੁਲਸ ਵਿਭਾਗ ਵੱਲੋਂ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਬਟਾਲਾ ਰੋਹਿਤ ਗੁਪਤਾ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਕਰਨਲ ਸਤਬੀਰ ਸਿੰਘ ਵੜੈਚ ਨੇ ਵੀ ਸ਼ਹੀਦ ਦੀ ਚਿਖਾ 'ਤੇ ਰੀਥ ਚੜਾ ਕੇ ਸ਼ਹੀਦ ਨੂੰ ਸਤਿਕਾਰ ਭੇਂਟ ਕੀਤਾ। ਇਸ ਮੌਕੇ ਸ਼ਹੀਦ ਦੀ ਪਤਨੀ ਪਲਵਿੰਦਰ ਕੌਰ, ਪਿਤਾ ਸੰਤੋਖ ਸਿੰਘ, ਮਾਤਾ ਸੁਰਜੀਤ ਕੌਰ ਅਤੇ 4 ਸਾਲਾ ਬੇਟੇ ਸਿਮਰਨਦੀਪ ਸਿੰਘ, ਬੇਟੀ ਸਜਿਹਦੀਪ ਕੌਰ ਨੇ ਵੀ ਸ਼ਹੀਦ ਪਲਵਿੰਦਰ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਸ਼ਹੀਦ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਅਤੇ ਬੇਟੇ ਸਹਿਜਦੀਪ ਸਿੰਘ ਨੇ ਸਾਂਝੇ ਤੌਰ 'ਤੇ ਦਿਖਾਈ।
ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਲਵਿੰਦਰ ਸਿੰਘ ਦੀ ਸ਼ਹਾਦਤ ਲਾਸਾਨੀ ਹੈ ਅਤੇ ਪੂਰੇ ਦੇਸ਼ ਨੂੰ ਆਪਣੇ ਸਪੂਤ ਦੀ ਬਾਹਦਰੀ 'ਤੇ ਨਾਜ਼ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਾ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੇਗੀ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਮੌਕੇ ਸ਼ਹੀਦ ਦੇ ਪਿਤਾ ਸੰਤੋਖ ਸਿੰਘ ਅਤੇ ਮਾਤਾ ਸੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ। ਸ਼ਹੀਦ ਦੀ ਪਤਨੀ ਨੇ ਵੀ ਕਿਹਾ ਕਿ ਉਸਨੂੰ ਆਪਣੇ ਪਤੀ ਦੀ ਸ਼ਹੀਦੀ 'ਤੇ ਫਖਰ ਹੈ।