ਸ਼ਹੀਦ ਦੇ ਪਿੰਡ ਨੂੰ ਗੋਦ ਲੈ ਕੇ ਭੁੱਲੇ ਰਵਨੀਤ ਬਿੱਟੂ (ਵੀਡੀਓ)

Tuesday, Aug 07, 2018 - 01:42 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਪਿੰਡ ਈਸੇਵਾਲ ਉਹ ਪਿੰਡ ਹੈ ਜਿਸ ਨੂੰ ਸ਼ਹੀਦ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਜਿੱਥੋਂ ਦੇ ਜਵਾਨ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰ ਦਿੱਤੀ ਪਰ ਸਮਝ ਨਹੀਂ ਆ ਰਿਹਾ ਕਿ ਪਿੰਡ ਦਾ ਹਾਲ ਦੇਖ ਕੇ ਇਸ 'ਤੇ ਤਰਸ ਕਰੀਏ ਕਿ ਸ਼ਹੀਦ ਦਾ ਪਿੰਡ ਹੋਣ 'ਤੇ ਮਾਣ। ਤਰਸ ਦੀ ਗੱਲ ਇਸ ਲਈ ਵੀ ਹੈ ਕਿਉਂਕਿ ਪਿੰਡ ਦਾ ਵਿਕਾਸ ਕਰਨ ਲਈ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਬਿੱਟੂ ਨੇ ਇਸ ਨੂੰ ਗੋਦ ਲਿਆ ਸੀ ਪਰ ਐੱਮ. ਪੀ. ਸਾਬ੍ਹ ਨੇ ਉਸ ਨੂੰ ਫਿਰ ਅਨਾਥਾਂ ਦੇ ਹਾਲ 'ਤੇ ਛੱਡ ਦਿੱਤਾ। ਪਿੰਡ ਦਾ ਵਿਕਾਸ ਤਾਂ ਦੂਰ, ਇੱਥੇ ਪੱਕੀਆਂ ਸੜਕਾਂ, ਹਸਪਤਾਲ, ਬੈਂਕ ਆਦਿ ਤੱਕ ਦੀ ਸਹੂਲਤ ਨਹੀਂ ਹੈ। ਹੋਰ ਤਾਂ ਹੋਰ ਪਿੰਡ ਤੱਕ ਆਉਣ ਲਈ ਕੋਈ ਬੱਸ ਸੇਵਾ ਨਹੀਂ ਹੈ। 

ਪਿੰਡ ਨੂੰ ਗ੍ਰਾਂਟ ਦੇਣਾ ਤਾਂ ਦੂਰ ਬਿੱਟੂ ਨੇ ਤਾਂ ਪਿੰਡ ਵਾਸੀਆਂ ਨੂੰ ਦਰਸ਼ਨ ਤੱਕ ਨਹੀਂ ਦਿੱਤੇ। ਗੋਦ ਲੈਣ ਤੋਂ ਬਾਅਦ ਬਿੱਟੂ ਮਹਿਜ਼ ਦੋ ਵਾਰ ਪਿੰਡ ਆਏ। ਵਿਕਾਸ ਦੇ ਨਾਂ 'ਤੇ 10 ਲੱਖ ਦੀ ਗ੍ਰਾਂਟ ਵੀ ਦਿੱਤੀ ਗਈ ਪਰ ਇਹ ਗ੍ਰਾਂਟ ਪਿੰਡ ਦੇ ਵਿਕਾਸ ਲਈ ਨਾਕਾਫੀ ਸੀ। ਪਿੰਡ ਦੇ ਇਸ ਹਾਲ ਬਾਰੇ ਜਦੋਂ ਇਸ ਦੇ ਖੈਰ-ਖੁਆਰ ਰਵਨੀਤ ਬਿੱਟੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪਿੰਡ ਦਾ ਵਿਕਾਸ ਨਾ ਹੋਣ ਦਾ ਠੀਕਰਾ ਪ੍ਰਧਾਨ ਮੰਤਰੀ ਮੋਦੀ ਸਿਰ ਭੰਨ ਦਿੱਤਾ। 

ਪਿੰਡ ਦੇ ਦੋ ਸਕੂਲ ਹਨ, ਜੋ ਮੈਨੇਜਮੈਂਟ ਕਮੇਟੀ ਕਾਰਣ ਚੱਲ ਰਹੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਪਿੰਡ ਦਾ ਵਿਕਾਸ ਨਹੀਂ ਕਰਨਾ ਸੀ ਤਾਂ ਸ਼ਹੀਦ ਦੇ ਨਾਂ 'ਤੇ ਗੋਦ ਲੈਣ ਦੀ ਰਾਜਨੀਤੀ ਕਿਉਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਦੇ ਪਿੰਡਾਂ ਨਾਲ ਅਜਿਹਾ ਵਰਤਾਅ ਨਹੀਂ ਕੀਤਾ ਜਾਣਾ ਚਾਹੀਦਾ।


Related News