ਪੁਲਵਾਮਾ ’ਚ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਜੱਦੀ ਪਿੰਡ ’ਚ ਅੰਤਿਮ ਸਸਕਾਰ
Thursday, Jul 09, 2020 - 10:50 AM (IST)
ਸਮਾਣਾ (ਦਰਦ, ਅਨੇਜਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਏ ਸਮਾਣਾ ਨੇੜਲੇ ਪਿੰਡ ਦੋਦੜਾ ਦੇ ਵਸਨੀਕ ਅਤੇ ਭਾਰਤੀ ਫ਼ੌਜ ਦੇ ਜਵਾਨ ਨਾਇਕ ਰਾਜਵਿੰਦਰ ਸਿੰਘ (29 ਸਾਲ) ਦੇ ਅੰਤਿਮ ਸਸਕਾਰ ਮੌਕੇ ਸਾਰਾ ਪਿੰਡ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਗਿਆ। ਪਰਿਵਾਰ ਨਾਲ ਦੁੱਖ ਦੀ ਘੜੀ ’ਚ ਸ਼ਾਮਲ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ। ਸ਼ਹੀਦ ਦੇ ਪਿਤਾ ਅਵਤਾਰ ਸਿੰਘ, ਮਾਤਾ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਸ਼ਹੀਦ ਰਾਜਵਿੰਦਰ ਸਿੰਘ ਨੂੰ ਸਲਿਊਟ ਕਰ ਕੇ ਸਲਾਮੀ ਦਿੱਤੀ।
ਇਸ ਮਗਰੋਂ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਨਾਇਕ ਰਾਜਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਸ਼ਹੀਦ ਰਾਜਵਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਐੱਸ. ਡੀ. ਐੱਮ. ਨਾਭਾ ਕਾਲਾ ਰਾਮ ਕਾਂਸਲ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਸ਼ਹੀਦ ਦੀ ਦੇਹ ’ਤੇ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਲੋਕ ਸਭਾ ਮੈਂਬਰ ਪਟਿਆਲਾ ਪਰਨੀਤ ਕੌਰ ਵੱਲੋਂ ਉਨ੍ਹਾਂ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ ਨੇ ਰੀਥ ਰੱਖੀ। ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ. ਐੱਮ. ਨਰਵਾਣਾ ਵੱਲੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ, ਜਦੋਂ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਵੀ ਰੀਥ ਰੱਖੀ।
ਪਟਿਆਲਾ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ ’ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਮਾਤਾ ਮਹਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਨੂੰ ਸੌਂਪ ਕੇ ਸਲਿਊਟ ਕੀਤਾ। ਇਸ ਦੌਰਾਨ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸ਼ਹੀਦ ਦੇ ਪਰਿਵਾਰ ਨੂੰ ਵੀਡੀਓ ਕਾਲ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਉਹ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵੱਲੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਐੱਸ. ਪੀ. ਟ੍ਰੈਫਿਕ ਅਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਸਤਨਾਮ ਸਿੰਘ, ਐੱਸ. ਡੀ. ਐੱਮ. ਸਮਾਣਾ ਨਮਨ ਮੜਕਣ ਵੱਲੋਂ ਤਹਿਸੀਲਦਾਰ ਸੰਦੀਪ ਸਿੰਘ ਅਤੇ ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਆਦਿ ਨੇ ਰੀਥਾਂ ਰੱਖੀਆਂ।