ਖੰਨਾ : ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਗਮਗੀਨ ਹੋਇਆ ਮਾਹੌਲ (ਤਸਵੀਰਾਂ)
Saturday, Apr 22, 2023 - 11:43 AM (IST)

ਖੰਨਾ (ਵਿਪਨ) : ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਵਾਸੀ ਮਨਦੀਪ ਸਿੰਘ (39) ਦੀ ਮ੍ਰਿਤਕ ਦੇਹ ਪਿੰਡ ਪੁੱਜ ਗਈ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਸਨਮਾਨਾਂ ਨਾਲ ਫ਼ੌਜੀਆਂ ਵੱਲੋਂ ਪਿੰਡ ਲਿਆਂਦਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਦੇ ਨਾਅਰੇ ਲਾਏ ਗਏ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਂ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ ਅਤੇ ਪਿਤਾ ਦਾ ਬੁਰਾ ਹਾਲ ਸੀ।
ਉਨ੍ਹਾਂ ਦਾ ਦੁੱਖ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ ਸੀ। ਜਿਵੇਂ ਹੀ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਸ਼ਹੀਦ ਦੇ ਘਰਦਿਆਂ ਦਾ ਵਿਰਲਾਪ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ। ਸ਼ਹੀਦ ਦੀ ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਰਕੇ ਮਨਦੀਪ ਸਿੰਘ ਦੇ ਸ਼ਹੀਦ ਹੋਣ ਬਾਰੇ ਸੂਚਨਾ ਦਿੱਤੀ ਗਈ ਸੀ।
ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਮਾਂ, ਪਤਨੀ, ਇਕ ਪੁੱਤ ਅਤੇ ਧੀ ਛੱਡ ਗਏ ਹਨ। ਸ਼ਹੀਦ ਮਨਦੀਪ ਸਿੰਘ ਦੇ ਚਾਚਾ ਜਸਵੀਰ ਸਿੰਘ ਜੋ ਕਿ ਭਾਰਤੀ ਫ਼ੌਜ ਤੋਂ ਰਿਟਾਇਰ ਹਨ, ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਕਾਫ਼ੀ ਸਮੇਂ ਤੋਂ ਅਜਿਹੇ ਹਮਲੇ ਹੋ ਰਹੇ ਹਨ, ਜਿਸ 'ਚ ਜਵਾਨ ਸ਼ਹੀਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਤੀਜੇ ਦੀ ਕੁਰਬਾਨੀ 'ਤੇ ਫ਼ਖ਼ਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ