ਦਾਜ ਦੀ ਮੰਗ ਤੋਂ ਪਰੇਸ਼ਾਨ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

2021-07-24T14:46:30.16

ਫ਼ਰੀਦਕੋਟ (ਰਾਜਨ) : ਇੱਥੋਂ ਥੋੜ੍ਹੀ ਕਿਲੋਮੀਟਰ ਦੂਰ ਪਿੰਡ ਸੰਧਵਾਂ ਦੇ ਰੇਲਵੇ ਕੁਆਟਰਾਂ ’ਚ ਰਹਿੰਦੀ ਇੱਕ ਵਿਆਹੁਤਾ ਵੱਲੋਂ ਪਤੀ ਦੀ ਦਾਜ ਦੀ ਮੰਗ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ  ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨ ਕਰਤਾ ਪਵਨ ਕੁਮਾਰ (65) ਪੁੱਤਰ ਪ੍ਰਤਾਪ ਸਿੰਘ ਵਾਸੀ ਗਲੀ ਨੰਬਰ 4, ਅਹਾਤਾ ਭਾਮਰਸਰ ਹਾਊਸ, ਬੀਕਾਨੇਰ ਰਾਜਿਸਥਾਨ ਨੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਪਾਰਟੀ ਨੂੰ ਦਿੱਤੇ ਗਏ ਬਿਆਨਾਂ ’ਚ ਦੱਸਿਆ ਕਿ ਉਹ ਸੇਵਾ ਮੁਕਤ ਕਰਮਚਾਰੀ ਹੈ ਅਤੇ ਉਸਦੀਆਂ 3 ਕੁੜੀਆਂ ਅਤੇ 1 ਮੁੰਡਾ ਹੈ। ਬਿਆਨ ਕਰਤਾ ਅਨੁਸਾਰ ਦੋ ਵੱਡੀਆਂ ਕੁੜੀਆਂ ਦੇ ਵਿਆਹ ਤੋਂ ਬਾਅਦ ਉਸਨੇ ਸਭ ਤੋਂ ਛੋਟੀ ਕੁੜੀ ਭਾਗਿਆ ਸ਼੍ਰੀ (30) ਦਾ ਵਿਆਹ ਪੂਰੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਬੀਤੀ 25 ਅਕਤੂਬਰ 2020 ਨੂੰ ਸੁਨੀਲ ਪੁੱਤਰ ਸੁਖਵੰਤ ਸਿੰਘ ਵਾਸੀ 837, ਸਮਰ ਗੋਪਾਲਪੁਰ, ਰੋਹਤਕ ਹਰਿਆਣਾ ਹਾਲ ਆਬਾਦ ਰੇਲਵੇ ਕੁਆਟਰ ਪਿੰਡ ਸੰਧਵਾਂ (ਫ਼ਰੀਦਕੋਟ) ਨਾਲ 20 ਲੱਖ ਰੁਪਏ ਖ਼ਰਚ ਕਰਕੇ ਕੀਤਾ ਸੀ।

ਇਹ ਵੀ ਪੜ੍ਹੋ : ਟਰੇਨ ’ਚ ਸਫ਼ਰ ਕਰ ਰਹੀ ਪ੍ਰਵਾਸੀ ਔਰਤ ਨੇ ਰੇਲਵੇ ਸਟੇਸ਼ਨ’ਤੇ ਦਿੱਤਾ ਮੁੰਡੇ ਨੂੰ ਜਨਮ

ਬਿਆਨ ਕਰਤਾ ਅਨੁਸਾਰ ਭਾਗਿਆ ਸ਼੍ਰੀ ਸ਼ਾਦੀ ਤੋਂ ਬਾਅਦ ਆਪਣੇ ਪਤੀ ਸੁਨੀਲ ਨਾਲ ਸੰਧਵਾਂ ਵਿਖੇ ਹੀ ਰਹਿ ਰਹੀ ਸੀ, ਜਿੱਥੇ ਉਸਦਾ ਪਤੀ ਸੁਨੀਲ ਕੁਮਾਰ ਭਾਗਿਆ ਸ਼੍ਰੀ ਨੂੰ ਹੋਰ ਦਾਜ ਲੈ ਕੇ ਆਉਣ ਲਈ ਤੰਗ ਅਤੇ ਪਰੇਸ਼ਾਨ ਕਰਦਾ ਰਹਿੰਦਾ ਸੀ। ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਦਾਜ ਦੀ ਮੰਗ ਤੋਂ ਤੰਗ ਆ ਕੇ ਭਾਗਿਆ ਸ਼੍ਰੀ ਨੇ ਕੁਆਟਰ ਦੇ ਕਮਰੇ ਦੀ ਛੱਤ ਵਾਲੇ ਪੱਖੇ ਨਾਲ ਚੁੰਨੀ ਪਾ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਨ੍ਹਾਂ ਬਿਆਨਾਂ ’ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮ੍ਰਿਤਕ ਭਾਗਿਆ ਸ਼੍ਰੀ ਦੇ ਪਤੀ ਸੁਨੀਲ ’ਤੇ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਬਟਾਲਾ ਰੇਲਵੇ ਲਾਈਨ ’ਤੇ ਮਿਲੀ ਨਵਜਾਤ ਬੱਚੀ ਦੀ ਲਾਸ਼ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor Anuradha