ਬੱਸ ''ਚ ਵਿਆਹੁਤਾ ਨਾਲ ਛੇੜ-ਛਾੜ ਕਰਨ ਵਾਲਾ ਏ. ਐੱਸ. ਆਈ. ਭੇਜਿਆ ਜੇਲ

Saturday, May 05, 2018 - 05:31 PM (IST)

ਬੱਸ ''ਚ ਵਿਆਹੁਤਾ ਨਾਲ ਛੇੜ-ਛਾੜ ਕਰਨ ਵਾਲਾ ਏ. ਐੱਸ. ਆਈ. ਭੇਜਿਆ ਜੇਲ

ਫ਼ਰੀਦਕੋਟ (ਰਾਜਨ) - ਬੱਸ ਵਿਚ ਸਫ਼ਰ ਕਰਦੇ ਸਮੇਂ ਨਾਲ ਬੈਠੀ ਇਕ ਵਿਆਹੁਤਾ ਨਾਲ ਛੇੜ-ਛਾੜ ਕਰਨ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਜਸਪਾਲ ਸਿੰਘ ਸਿੱਧੂ ਨੂੰ ਥਾਣਾ ਸਿਟੀ ਪੁਲਸ ਵੱਲੋਂ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰਨ ਉਪਰੰਤ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਜਿਸ ਸਬੰਧੀ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਵੀ ਪੁਸ਼ਟੀ ਕਰ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਬਠਿੰਡਾ ਤੋਂ ਫਰੀਦਕੋਟ ਆ ਰਹੀ ਬੱਸ ਵਿਚ ਸਵਾਰ ਉਕਤ ਏ. ਐੱਸ. ਆਈ. ਜੋ ਜੈਤੋ ਵਿਖੇ ਤਾਇਨਾਤ ਹੈ, ਨੇ ਨਾਲ ਬੈਠੀ ਵਿਆਹੁਤਾ, ਜਿਸ ਦੀ ਉਮਰ ਕਰੀਬ 25 ਸਾਲ ਹੈ, ਨਾਲ ਛੇੜ-ਛਾੜ ਕੀਤੀ ਸੀ, ਜਿਸ 'ਤੇ ਬੱਸ ਅੱਡਾ ਫਰੀਦਕੋਟ ਵਿਖੇ ਬੱਸ 'ਚੋਂ ਉਤਰਨ ਉਪਰੰਤ ਉਸ ਔਰਤ ਦੇ ਰੌਲਾ ਪਾਉਣ 'ਤੇ ਲੋਕਾਂ ਵੱਲੋਂ ਇਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਸੀ। ਔਰਤ ਨੇ ਇਹ ਦੋਸ਼ ਲਾਇਆ ਸੀ ਕਿ ਬੱਸ ਕੋਟਕਪੂਰਾ ਪੁੱਜਣ 'ਤੇ ਉਕਤ ਏ. ਐੱਸ. ਆਈ. ਬੱਸ ਵਿਚ ਸਵਾਰ ਹੋਇਆ ਅਤੇ ਜਿਸ ਸੀਟ 'ਤੇ ਉਹ ਬੈਠੀ ਸੀ ਉਸ ਦੇ ਨਾਲ ਬੈਠ ਗਿਆ। ਉਸ ਨੇ ਦੋਸ਼ ਲਾਇਆ ਕਿ ਸੀਟ 'ਤੇ ਬੈਠਦੇ ਸਾਰ ਹੀ ਏ. ਐੱਸ. ਆਈ. ਨੇ ਪਹਿਲਾਂ ਉਸ ਦਾ ਨਾਂ ਪੁੱਛਿਆ ਅਤੇ ਬਾਅਦ ਵਿਚ ਡਰਾ ਧਮਕਾ ਕੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ।
 


Related News