ਠਾਠ-ਬਾਠ ਨਾਲ ਚੱਲ ਰਹੇ ਵਿਆਹ ''ਚ ਪਿਆ ਭੜਥੂ, ਚੋਰ ਕਰ ਗਏ ਵਾਰਦਾਤ
Monday, Oct 14, 2019 - 11:11 AM (IST)

ਲੁਧਿਆਣਾ (ਅਮਨ) : ਫੋਕਲ ਪੁਆਇੰਟ ਦੇ ਖੇਤਰ ਚੰਡੀਗੜ੍ਹ ਰੋਡ ਸਥਿਤ ਸਨਰਾਈਜ਼ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ 'ਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਦੁਲਹਨ ਦੀ ਮਾਤਾ ਦਾ ਕਿਸੇ ਨੇ ਪਰਸ ਚੋਰੀ ਕਰ ਲਿਆ। ਪੁਲਸ ਚੌਕੀ ਈਸ਼ਵਰ ਨਗਰ 'ਚ ਦਿੱਤੀ ਸ਼ਿਕਾਇਤ 'ਚ ਦੁਲਹਨ ਦੀ ਮਾਤਾ ਗੁਰਿੰਦਰ ਕੌਰ ਪਤਨੀ ਬਰਜਿੰਦਰ ਸਿੰਘ ਵਾਸੀ ਕਾਲਜ ਰੋਡ ਲੁਧਿਆਣਾ ਨੇ ਦੱਸਿਆ ਕਿ ਰਸਮ ਲਈ ਉਹ ਆਪਣਾ ਪਰਸ ਕੁਰਸੀ 'ਤੇ ਰੱਖ ਕੇ ਬੇਟੀ ਨੂੰ ਸ਼ਗਨ ਪਾਉਣ ਗਈ। ਜਦੋਂ ਵਾਪਸ ਆਈ ਤਾਂ ਪਰਸ ਗਾਇਬ ਸੀ।
ਗੁਰਿੰਦਰ ਕੌਰ ਨੇ ਦੱਸਿਆ ਕਿ ਪਰਸ ਵਿਚ ਪੰਜ ਤੋਲੇ ਸੋਨੇ ਦਾ ਹਾਰ, ਪੰਜਾਹ ਹਜ਼ਾਰ ਰੁਪਏ ਕੈਸ਼, 800 ਪੌਂਡ ਅਤੇ ਦੋ ਮੋਬਾਇਲ ਸਨ। ਭਾਲ ਕਰਨ 'ਤੇ ਵੀ ਕੋਈ ਪਤਾ ਨਹੀਂ ਲੱਗਾ। ਮੈਰਿਜ ਪੈਲੇਸ ਦੇ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਤਾਂ ਉਸ 'ਚ ਤਿੰਨ ਨੌਜਵਾਨਾਂ ਨੂੰ ਪਰਸ ਚੋਰੀ ਕਰਦੇ ਦੇਖਿਆ ਗਿਆ। ਪੁਲਸ ਇੰਚਾਰਜ ਸੁਰਜੀਤ ਸਿੰਘ ਅਤੇ ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਫੁਟੇਜ 'ਚ ਕੈਦ ਤਿੰਨੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।