ਮਾਤਮ ''ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਪੁੱਤ ਦੇ ਚਾਅ ਵੀ ਨਾ ਪੂਰੇ ਕਰ ਸਕਿਆ ਪਿਤਾ

Monday, Sep 16, 2019 - 06:47 PM (IST)

ਮਾਤਮ ''ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਪੁੱਤ ਦੇ ਚਾਅ ਵੀ ਨਾ ਪੂਰੇ ਕਰ ਸਕਿਆ ਪਿਤਾ

ਸਾਦਿਕ (ਪਰਮਜੀਤ) : ਘਰ ਵਿਚ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਅਵਾਰਾ ਪਸ਼ੂਆਂ ਕਾਰਨ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਨਵ-ਵਿਆਹੇ ਲੜਕੇ ਦੇ ਪਿਤਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੌਤ ਹੋ ਗਈ। ਬੀਤੀ ਰਾਤ ਸਾਦਿਕ ਨੇੜੇ ਪਿੰਡ ਘੁੱਦੂਵਾਲਾ ਦੇ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਉਮਰ 45 ਸਾਲ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਵਾਸੀ ਪਿੰਡ ਘੁੱਦੂਵਾਲਾ ਦੇ ਪੁੱਤਰ ਦਾ ਇਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਬੀਤੀ ਰਾਤ ਅੱਠ ਕੁ ਵਜੇ ਢੋਲੀ ਨੂੰ ਸਾਦਿਕ ਛੱਡ ਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਵਾਪਸ ਜਾ ਰਿਹਾ ਸੀ। ਸਾਦਿਕ ਤੋਂ ਜੰਡ ਸਾਹਿਬ ਰੋਡ 'ਤੇ ਰਸਤੇ ਵਿਚ ਹੱਡਾ ਰੋੜੀ ਦੇ ਨੇੜੇ ਆਵਾਰਾ ਪਸ਼ੂ (ਗਾਂ) ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। 

ਗੁਰਜੰਟ ਸਿੰਘ ਬਰਾੜ ਸਾਬਕਾ ਸਰਪੰਚ 'ਤੇ ਪ੍ਰਧਾਨ ਲੋਕਲ ਕਮੇਟੀ ਗੁਰਦੁਆਰਾ ਜੰਡ ਸਾਹਿਬ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਤੋਂ ਇਸ ਗਰੀਬ ਪਰਿਵਾਰ ਲਈ ਮੱਦਦ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਰਛਪਾਲ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਗਊ ਸੈੱਸ ਲੈ ਰਹੀ ਹੈ ਪਰ ਅਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਕਰ ਰਹੀ ਤੇ ਨਿੱਤ ਦਿਨ ਸੜਕ 'ਤੇ ਫਿਰਦੇ ਅਵਾਰਾ ਪਸ਼ੂਆਂ ਨਾਲ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਸਰਕਾਰ ਨੂੰ ਆਵਾਰਾ ਪਸ਼ੂਆਂ ਦੇ ਸੰਭਾਲ ਲਈ ਪੱਕੇ ਹੱਲ ਕਰੇ ਅਤੇ ਅਜਿਹੇ ਹਾਦਸੇ ਦੌਰਾਨ ਮਰਨ ਵਾਲੇ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਵਿੱਤੀ ਸਹਾਇਤਾ ਦੇਵੇ।


author

Gurminder Singh

Content Editor

Related News