ਮਾਰਕੀਟ ਕਮੇਟੀ ਵੱਲੋਂ ਟੈਕਸ ਲਾਉਣ ਦੀਅਾਂ ਤਿਆਰੀਅਾਂ, ਵਿਰੋਧ ’ਚ ਨਿੱਤਰੇ ਰੇਹਡ਼ੀ-ਫੜ੍ਹੀ ਵਾਲੇ

Monday, Jul 30, 2018 - 04:29 AM (IST)

ਮਾਰਕੀਟ ਕਮੇਟੀ ਵੱਲੋਂ ਟੈਕਸ ਲਾਉਣ ਦੀਅਾਂ ਤਿਆਰੀਅਾਂ, ਵਿਰੋਧ ’ਚ ਨਿੱਤਰੇ ਰੇਹਡ਼ੀ-ਫੜ੍ਹੀ ਵਾਲੇ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਮਾਰਕੀਟ ਕਮੇਟੀ ਵੱਲੋਂ ਸਬਜ਼ੀ ਰੇਹਡ਼ੀ  ਅਤੇ ਫਡ਼੍ਹੀ ਵਾਲਿਆਂ ਤੋਂ ਟੈਕਸ ਵਸੂਲਣ ਦੀਆਂ ਤਿਆਰੀਆਂ ਦੇ ਰੋਸ ’ਚ  ਸਬਜ਼ੀ ਮੰਡੀ ’ਚ ਰੇਹਡ਼ੀ ਯੂਨੀਅਨ ਅਤੇ ਫਡ਼੍ਹੀ ਲਾਉਣ ਵਾਲਿਆਂ ਨੇ ਐਤਵਾਰ  ਨੂੰ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ  ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ’ਤੇ ਲਾਏ ਜਾ ਰਹੇ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਟੈਕਸ ਵਾਪਸ ਨਾ ਲੈਣ ਦੀ ਸੂਰਤ ’ਚ  ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਵੀ ਦਿੱਤੀ। 
ਰੇਹਡ਼ੀ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ’ਚ 150 ਦੇ ਕਰੀਬ ਸਬਜ਼ੀ ਦੀਆਂ ਰੇਹਡ਼ੀਆਂ ਅਤੇ ਫਡ਼੍ਹੀਆਂ ਲੱਗਦੀਆਂ ਹਨ। ਸਾਡੇ ਵੱਲੋਂ ਮਾਰਕੀਟ ਕਮੇਟੀ ਨੂੰ 4  ਫੀਸਦੀ ਮਾਰਕੀਟ ਫੀਸ ਦੇ ਹਿਸਾਬ ਨਾਲ ਸਾਲਾਨਾ ਕਰੀਬ ਢਾਈ ਕਰੋਡ਼ ਰੁਪਏ ਅਦਾ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ  ਅਸੀਂ ਭਿਆਨਕ ਗਰਮੀ ’ਚ ਤਡ਼ਫ ਰਹੇ ਹਾਂ। ਅਸੀਂ ਖੁੱਲ੍ਹੇ ਅਾਸਮਾਨ ਹੇਠ ਧੁੱਪ ’ਚ ਰੇਹਡ਼ੀਆਂ, ਫਡ਼੍ਹੀਆਂ ਲਗਾਉਣ ਲਈ ਮਜਬੂਰ ਹਾਂ। ਮਾਰਕੀਟ ਵੱਲੋਂ ਸਾਡੇ ਲਈ ਕੋਈ  ਸ਼ੈੈੱਡ ਨਹੀਂ ਪਾਇਆ ਗਿਆ। ਬਾਰਿਸ਼ ਦਾ ਮੌਸਮ ਹੋਣ ਕਾਰਨ  ਸਬਜ਼ੀ ਖਰਾਬ ਵੀ ਹੋ ਜਾਂਦੀ ਹੈ। ਇੰਨੀ ਫੀਸ ਭਰਨ ਦੇ ਬਾਵਜੂਦ ਸਾਨੂੰ ਕੋਈ ਬੁਨਿਆਦੀ ਸਹੂਲਤ ਨਹੀਂ ਦਿੱਤੀ ਜਾਂਦੀ। ਸਬਜ਼ੀ ਮੰਡੀ ਦੇ ਪਖਾਨੇ ਵੀ ਟੁੱਟੇ ਪਏ ਹਨ। ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ। ਜੇਕਰ ਮਾਰਕੀਟ ਕਮੇਟੀ ਸਾਨੂੰ ਕੋਈ ਸਹੂਲਤ ਹੀ ਨਹੀਂ ਦੇ ਰਹੀ ਤਾਂ ਫਿਰ ਸਾਡੇ ’ਤੇ ਨਵੇਂ ਟੈਕਸ ਦਾ ਬੋਝ ਕਿਉਂ ਪਾਇਆ ਜਾ ਰਿਹਾ ਹੈ?
®ਨਵਾਂ ਟੈਕਸ ਥੋਪਿਆ ਤਾਂ ਕਿਵੇਂ ਕਰਾਂਗੇ ਪਰਿਵਾਰਾਂ ਦਾ ਪਾਲਣ-ਪੋਸ਼ਣ
 ਰੇਹਡ਼ੀ ਯੂਨੀਅਨ ਦੇ ਜਨਰਲ ਸਕੱਤਰ ਮਜੀਦ ਖਾਨ ਨੇ ਕਿਹਾ ਕਿ ਅਸੀਂ ਆਪਣੀ ਰੋਜ਼ੀ-ਰੋਟੀ ਲਈ ਸਵੇਰੇ 4 ਵਜੇ ਉਠ ਕੇ ਸਬਜ਼ੀ ਮੰਡੀ ’ਚ ਆਉਂਦੇ ਹਾਂ। ਪੂਰਾ ਦਿਨ  ਕੰਮ ਕਰ ਕੇ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਮਾਰਕੀਟ ਕਮੇਟੀ ਪ੍ਰਤੀ ਰੇਹਡ਼ੀ ਅਤੇ ਪ੍ਰਤੀ ਫਡ਼੍ਹੀ  ਟੈਕਸ ਵਸੂਲਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਟੈਂਡਰ ਵੀ ਕੱਢ ਦਿੱਤੇ ਹਨ। ਜੇਕਰ ਸਾਡੇ ਕੋਲੋਂ ਇਹ ਟੈਕਸ ਵਸੂਲਣਾ ਸ਼ੁਰੂ ਕੀਤਾ ਗਿਆ ਤਾਂ ਅਸੀਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵੀ ਨਹੀਂ ਕਰ ਸਕਾਂਗੇ। 
ਪੀੜਤਾਂ ਨਾਲ ਖੜ੍ਹਾਂਗੇ : ਖਾਲਸਾ
 ਸੰਗਰੂਰ ਦੇ ਸਾਬਕਾ ਸੰਸਦ ਅਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਮਾਰਕੀਟ ਕਮੇਟੀ ਗਰੀਬ ਸਬਜ਼ੀ ਦੀਆਂ ਰੇਹਡ਼ੀਆਂ  ਅਤੇ ਫਡ਼੍ਹੀਅਾਂ ਲਾਉਣ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਣ ਦੀ ਤਿਆਰੀ ਕਰ ਰਹੀ ਹੈ। ਇਸ ਗੁੰਡਾ ਟੈਕਸ ਦੇ ਵਿਰੋਧ ’ਚ ਸਾਡੇ ਵੱਲੋਂ  ਹਾਈਕੋਰਟ ’ਚ ਰਿੱਟ ਪਾਈ ਗਈ ਹੈ। ਮੈਂ ਇਸ ਮਾਮਲੇ ’ਚ ਇਨ੍ਹਾਂ ਲੋਕਾਂ ਨਾਲ ਖਡ਼੍ਹਾ ਹਾਂ।  ਇਸ ਮੌਕੇ ਦਰਸ਼ਨ ਸਿੰਘ, ਦਸੌਂਧਾ ਸਿੰਘ, ਜਗਪਾਲ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।  
 


Related News