ਅਦਾਲਤਾਂ ''ਚ ਵਕੀਲਾਂ ਨੂੰ ਮਿਲੀ ਵਿਆਹ ਸਬੰਧੀ ਝਗੜਿਆਂ ਦੇ ਮਾਮਲੇ ਦਾਇਰ ਕਰਨ ਦੀ ਮਨਜ਼ੂਰੀ

06/26/2020 2:32:07 PM

ਲੁਧਿਆਣਾ (ਮਹਿਰਾ) : ਮਹਾਮਾਰੀ ਕੋਰੋਨਾ ਵਾਇਰਸ ਕਾਰਨ ਮਾਰਚ ਮਹੀਨੇ ਤੋਂ ਲਾਗੂ ਤਾਲਾਬੰਦੀ ਦੇ ਦੌਰਾਨ ਤੋਂ ਹੀ ਬੰਦ ਪਈਆਂ ਜ਼ਿਲ੍ਹਾ ਅਦਾਲਤਾਂ ’ਚ ਵਕੀਲਾਂ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਵੱਲੋਂ ਅਦਾਲਤਾਂ ’ਚ ਵਿਆਹ ਸਬੰਧੀ ਝਗੜਿਆਂ ਨਾਲ ਸਾਰੇ ਕਿਸਮ ਦੇ ਨਵੇਂ ਮਾਮਲੇ ਦਾਇਰ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਪਹਿਲਾਂ ਵਕੀਲਾਂ ਨੂੰ ਅਦਾਲਤਾਂ ’ਚ ਕੁੱਝ ਕੈਟਾਗਰੀ ਨਾਲ ਸਬੰਧਤ ਨਵੇਂ ਕੇਸ ਦਾਖਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਵਿਆਹ ਸਬੰਧੀ ਝਗੜਿਆਂ ਨਾਲ ਸਬੰਧਤ ਹੁਣ ਸਾਰੇ ਕਿਸਮ ਦੇ ਦੀਵਾਨੀ ਤੇ ਫੌਜ਼ਦਾਰੀ ਮਾਮਲਿਆਂ ਨੂੰ ਵੀ ਅਦਾਲਤਾਂ 'ਚ ਦਾਖਲ ਕੀਤਾ ਜਾ ਸਕੇਗਾ ਅਤੇ ਇਨ੍ਹਾਂ ’ਤੇ ਅਦਾਲਤਾਂ ਵੱਲੋਂ ਫਿਲਹਾਲ ਕੋਈ ਰੈਗੂਲਰ ਸੁਣਵਾਈ ਨਹੀਂ ਕੀਤੀ ਜਾਵੇਗੀ।

ਜ਼ਿਲ੍ਹਾ ਬਾਰ ਸੰਘ ਦੇ ਉਪ ਪ੍ਰਧਾਨ ਰਾਜਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਵਿਆਹ ਬਾਰੇ ਝਗੜਿਆ ਨਾਲ ਸਬੰਧਤ ਸਾਰੇ ਕਿਸਮ ਦੇ ਮਾਮਲਿਆਂ ਨੂੰ ਵੀ ਅਦਾਲਤ 'ਚ ਦਾਇਰ ਕਰਨ ਦੀ ਮਨਜ਼ੂਰੀ ਦੇਣ ਦੇ ਜਾਰੀ ਨਿਰਦੇਸ਼ਾਂ 'ਚ ਕਿਹਾ ਹੈ ਕਿ ਦਾਇਰ ਕੀਤੇ ਗਏ ਮਾਮਲਿਆਂ ਦੀ ਸੂਚਨਾ ਸਬੰਧਤ ਜੱਜਾਂ ਵੱਲੋਂ ਸਬੰਧਤ ਵਕੀਲਾਂ ਐੱਸ. ਐੱਮ. ਐੱਸ. ਅਤੇ ਈ-ਕੋਰਟ ਜ਼ਰੀਏ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੈਮਿਲੀ ਕੋਰਟ ਵਿਚ ਕੋਈ ਵੀ ਵਕੀਲ ਪੰਜ ਤੋਂ ਜ਼ਿਆਦਾ ਮਾਮਲੇ ਵੀ ਫਾਈਲ ਕਰ ਸਕੇਗਾ।
 


Babita

Content Editor

Related News