ਕੁਲਵਿੰਦਰ ਕੌਰ ਦੇ ਹੱਕ ’ਚ ਕਿਸਾਨ ਜਥੇਬੰਦੀਆਂ, ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਕੱਢਿਆ ਜਾਵੇਗਾ ‘ਇਨਸਾਫ਼ ਲਈ ਮਾਰਚ’

Saturday, Jun 08, 2024 - 10:40 AM (IST)

ਚੰਡੀਗੜ੍ਹ (ਮਨਜੋਤ) : ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ’ਚ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਹਨ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਦੀ ਪਾਰਦਰਸ਼ੀ ਜਾਂਚ ਦੀ ਲੋੜ ਹੈ ਕਿਉਂਕਿ ਹੁਣ ਤੱਕ ਸਿਰਫ਼ ਕੰਗਨਾ ਰਣੌਤ ਦਾ ਪੱਖ ਹੀ ਸੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਨਾਲ ਕੋਈ ਬੇਇਨਸਾਫ਼ੀ ਹੁੰਦੀ ਹੈ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸਮੁੱਚੇ ਮਾਮਲੇ ਦੀ ਇਮਾਨਦਾਰੀ ਤੇ ਪਾਰਦਰਸ਼ੀ ਜਾਂਚ ਨੂੰ ਲੈ ਕੇ ਪੰਜਾਬ, ਹਰਿਆਣਾ ਤੋਂ ਵੱਡੀ ਗਿਣਤੀ ’ਚ ਕਿਸਾਨ 9 ਜੂਨ ਨੂੰ ਸਵੇਰੇ 11 ਵਜੇ ਮੋਹਾਲੀ ’ਚ ਇਕੱਠੇ ਹੋਣਗੇ ਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਐੱਸ. ਐੱਸ. ਪੀ. ਮੋਹਾਲੀ ਦੇ ਦਫ਼ਤਰ ਤੱਕ ਪੈਦਲ ‘ਇਨਸਾਫ਼ ਲਈ ਮਾਰਚ’ ਕਰਨਗੇ ਤੇ ਮੰਗ-ਪੱਤਰ ਸੌਂਪਿਆ ਜਾਵੇਗਾ।


ਕਿਵੇਂ ਸ਼ੁਰੂ ਹੋਇਆ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਮੰਡੀ ਤੋਂ ਚੰਡੀਗੜ੍ਹ ਪਹੁੰਚੀ। ਦਰਅਸਲ, ਚੰਡੀਗੜ੍ਹ ਤੋਂ ਕੰਗਨਾ ਨੇ ਸੰਸਦ ਭਵਨ ਦਿੱਲੀ ਪਹੁੰਚਣਾ ਸੀ, ਜਿਥੇ ਉਸ ਨੇ NDA ਦੀ ਬੈਠਕ 'ਚ ਸ਼ਾਮਲ ਹੋਣਾ ਸੀ। ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ ਪਹੁੰਚਦਿਆਂ ਹੀ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਫੋਨ ਤੇ ਪਰਸ ਨੂੰ ਸਕੈਨਰ 'ਤੇ ਰੱਖਣ ਲਈ ਕਿਹਾ ਪਰ ਉਸ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਦੋਹਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਕੁਲਵਿੰਦਰ ਕੌਰ ਨੇ ਕੰਗਨਾ ਤੇ ਮੂੰਹ 'ਤੇ ਥੱਪੜ ਮਾਰ ਦਿੱਤਾ। 
ਹਾਲਾਂਕਿ ਕੰਗਨਾ ਨੂੰ ਥੱਪੜ ਮਾਰਨ ਦਾ ਇਹ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਧਰਨੇ 'ਚ ਮੌਜੂਦ ਔਰਤਾਂ ਨੂੰ 100-100 ਰੁਪਏ ਦਿਹਾੜੀ 'ਤੇ ਲਿਆ ਕੇ ਬਿਠਾਇਆ ਗਿਆ ਹੈ। ਕੁਲਵਿੰਦਰ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਮਾਂ ਵੀ ਉਸ ਧਰਨੇ 'ਚ ਮੌਜੂਦ ਸੀ। ਇਸ ਕਾਰਨ ਉਸ ਨੇ ਅਜਿਹਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਸੰਸਦ ਬਾਹਰ ਅੱਗ ਵਾਂਗ ਭੜਕੀ, ਥੱਪੜ ਵਾਲਾ ਸਵਾਲ ਪੁੱਛਣ 'ਤੇ ਪੱਤਰਕਾਰ ਨਾਲ ਖਹਿ ਪਈ, ਵੇਖੋ ਮੌਕੇ ਦੀ ਵੀਡੀਓ

ਲਾਈਵ ਆ ਕੇ ਕੰਗਨਾ ਨੇ ਦੱਸੀ ਪੂਰੀ ਘਟਨਾ
ਚੰਡੀਗੜ੍ਹ ਏਅਰਪੋਰਟ 'ਤੇ ਹੋਈ ਬਦਸਲੂਕੀ ਮਗਰੋਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਅਤੇ ਮੇਰੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ, ''ਮੈਂ ਬਿਲਕੁਲ ਠੀਕ ਹਾਂ। ਅੱਜ ਚੰਡੀਗੜ੍ਹ ਏਅਰਪੋਰਟ 'ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਿਨ 'ਚ ਜੋ CISF ਦੀ ਮਹਿਲਾ ਕਰਮਚਾਰੀ ਸੀ, ਉਸ ਨੇ ਮੇਰੇ ਅੱਗੇ ਆਉਣ ਅਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ, ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ 'ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।''

ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਕੁਲਵਿੰਦਰ ਕੌਰ 
ਕੁਲਵਿੰਦਰ ਕੌਰ ਮਹੀਵਾਲ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ, ਜੋ ਕਿ ਕਪੂਰਥਲਾ ਜ਼ਿਲ੍ਹੇ 'ਚ ਪੈਂਦਾ ਹੈ। ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਸਕੀ ਭੈਣ ਹੈ। ਇਸ ਬਾਰੇ ਸ਼ੇਰ ਸਿੰਘ ਮਹੀਂਵਾਲ ਨੇ ਦੱਸਿਆ ਕਿ ਹਾਲੇ ਤਕ ਸਾਡੇ ਪਰਿਵਾਰ ਦਾ ਕੁਲਵਿੰਦਰ ਕੌਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ, ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ- ਅੱਜ ਪਤਾ ਲੱਗਾ ਹੋਣਾ ਕਿ ਪੰਜਾਬੀ ਕੌਣ ਹੁੰਦੇ

ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੀਤਾ ਗਿਆ ਸਸਪੈਂਡ 
ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਚੰਡੀਗੜ੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਸ ਦੇ ਇਸ ਕਦਮ ਨਾਲ ਉਸ ਨੇ ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ 'ਚ ਪ੍ਰਸਿੱਧੀ ਖੱਟੀ ਹੈ। ਦਿੱਲੀ ਤੱਕ ਉਸ ਦੇ ਨਾਂ ਦੇ ਚਰਚੇ ਹਨ। ਇਹੀ ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਸ ਨੂੰ ਇਸ ਕੰਮ ਲਈ ਇਨਾਮ ਦੇਣਾ ਚਾਹੁੰਦੇ ਹਨ। ਪਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਕੁੜੀ ਆਖ਼ਿਰ ਹੈ ਕੌਣ ਤੇ ਕਿੱਥੇ ਦੀ ਰਹਿਣ ਵਾਲੀ ਹੈ ?

ਕੁਲਵਿੰਦਰ ਕੌਰ ਦੇ ਹੱਕ 'ਚ ਵਕੀਲ ਭਾਈਚਾਰਾ
ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦੇ ਐਲਾਨ ਹੋ ਰਹੇ ਹਨ। ਇਸ ਦੇ ਨਾਲ ਵਕੀਲ ਭਾਈਚਾਰਾ ਵੀ ਅੱਗੇ ਆਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News