ਮੈਰਾਥਨ ਦੌਰਾਨ ਜੰਮੂ-ਕਸ਼ਮੀਰ ਦੇ ਰਨਰ ਦੀ ਹਾਰਟ ਅਟੈਕ ਨਾਲ ਮੌਤ

Sunday, Apr 17, 2022 - 05:01 PM (IST)

ਮੈਰਾਥਨ ਦੌਰਾਨ ਜੰਮੂ-ਕਸ਼ਮੀਰ ਦੇ ਰਨਰ ਦੀ ਹਾਰਟ ਅਟੈਕ ਨਾਲ ਮੌਤ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਵੇਰੇ ਹੋਈ ਸੁਪਰ ਸਿੱਖਸ ਮੈਰਾਥਨ ਦੌੜ ਦੌਰਾਨ ਜੰਮੂ-ਕਸ਼ਮੀਰ ਦੇ ਇਕ ਰਨਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜੰਮੂ-ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਨੇ 21 ਕਿਲੋਮੀਟਰ ਦੋੜ ਵਿਚ ਸ਼ਮੂਲੀਅਤ ਕੀਤੀ ਸੀ ਅਤੇ ਉਹ ਦੋੜ ਲਗਾ ਕੇ ਠੀਕ-ਠਾਕ ਵਾਪਸ ਵਿਰਾਸਤ-ਏ-ਖਾਲਸਾ ਵਿਖੇ ਪਹੁੰਚ ਗਏ ਸਨ। ਦੋੜ ਪੂਰੀ ਹੋਣ ਉਪਰੰਤ ਉਹ ਬਾਹਰ ਗਏ ਅਤੇ ਤਕਰੀਬਨ ਇਕ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਵਿਰਾਸਤ-ਏ-ਖਾਲਸਾ ਦੇ ਗੇਟ ਕੋਲ ਚੱਕਰ ਆਉਣ ’ਤੇ ਡਿਗ ਗਏ। ਉਨ੍ਹਾਂ ਦੇ ਨਾਲ ਦੇ ਸਾਥੀ ਤੁਰੰਤ ਸਰਕਾਰੀ ਹਸਪਤਾਲ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿਤਾ।

ਮੈਰਾਥਨ ਆਗੂ ਡਾ. ਜਸਸਿਮਰਨ ਸਿੰਘ ਕਹਿਲ ਨੇ ਦੱਸਿਆ ਕਿ ਰਨਰ ਨੇ 21 ਕਿਲੋਮੀਟਰ ਦੋੜ 1 ਘੰਟਾ 50 ਮਿੰਟ ਜੋ ਕਿ 07.50 ਵਜੇ ਪੂਰੀ ਕੀਤੀ ਸੀ। ਉਪਰੰਤ ਉਹ ਘੁੰਮਦੇ ਰਹੇ, ਤਸਵੀਰਾਂ ਖਿਚਦੇ ਰਹੇ, ਖਾਂਦੇ ਪੀਂਦੇ ਰਹੇ ਅਤੇ ਬਾਹਰ ਚਲੇ ਗਏ ਜਦੋਂ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਦੇ ਨਾਲ ਦੋ ਸਾਥੀ ਹੋਰ ਵੀ ਸਨ ਅਤੇ ਵਿਰਾਸਤ-ਏ-ਖਾਲਸਾ ਦੇ ਗੇਟ ’ਤੇ 8.40 ’ਤੇ ਡਿੱਗ ਗਿਆ। ਉਨ੍ਹਾਂ ਦੇ ਸਾਥੀ ਉਸੇ ਸਮੇਂ ਉਕਤ ਰਨਰ ਨੂੰ ਆਪਣੀ ਗੱਡੀ ’ਚ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਾ. ਕਹਿਲ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਦੌੜ ਪੂਰੀ ਹੋਣ ਤੋਂ ਇਕ ਘੰਟੇ ਬਾਅਦ ਵਾਪਰੀ ਜੋ ਦੁੱਖਦਾਈ ਹੈ। ਇਸ ਸਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਣਬ ਮਹਾਜਨ ਪੁੱਤਰ ਸਵ. ਕਾਲਾ ਰਾਮ ਆਰ. ਐੱਸ. ਪੁਰਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News