ਮਕਸੂਦਾਂ ਬੰਬ ਬਲਾਸਟ ਦੇ ਦੋਸ਼ੀ ਅਦਾਲਤ ''ਚ ਪੇਸ਼, 2 ਦਿਨਾਂ ਦੇ ਪੁਲਸ ਰਿਮਾਂਡ ''ਤੇ

Tuesday, Nov 13, 2018 - 12:05 PM (IST)

ਮਕਸੂਦਾਂ ਬੰਬ ਬਲਾਸਟ ਦੇ ਦੋਸ਼ੀ ਅਦਾਲਤ ''ਚ ਪੇਸ਼, 2 ਦਿਨਾਂ ਦੇ ਪੁਲਸ ਰਿਮਾਂਡ ''ਤੇ

ਜਲੰਧਰ (ਰਾਜੇਸ਼)— ਥਾਣਾ ਮਕਸੂਦਾਂ 'ਚ ਬਲਾਸਟ ਦੇ ਮਾਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਬੀਤੇ ਦਿਨ ਮਾਣਯੋਗ ਗਗਨਦੀਪ ਸਿੰਘ ਜੇ. ਐੱਮ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਥਾਣਾ ਨੰ. 1 ਦੀ ਪੁਲਸ ਨੇ ਉਨ੍ਹਾਂ ਦਾ 3 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਜਦਕਿ ਅਦਾਲਤ ਨੇ ਉਨ੍ਹਾਂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ। ਏ. ਸੀ. ਪੀ. ਨਵਨੀਤ ਸਿੰਘ ਮਾਹਲ ਥਾਣਾ ਨੰ. 1 ਦੇ ਮੁਖੀ ਕੁਲਵੰਤ ਸਿੰਘ ਅਤੇ ਏ. ਐੱਸ. ਆਈ. ਜਗਦੀਸ਼ ਨੇ ਅੱਤਵਾਦੀ ਸ਼ਾਹਿਦ ਕਿਊਮ ਅਤੇ ਫਾਜ਼ਿਲ ਬਸ਼ੀਰ ਨੂੰ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿੱਤਾ। ਏ. ਸੀ. ਪੀ. ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਫੜੇ ਗਏ ਅੱਤਵਾਦੀ ਜੰਮੂ-ਕਸ਼ਮੀਰ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਤੱਕ ਦੀ ਜਾਂਚ 'ਚ ਪੁਲਸ ਨੂੰ ਸਮਾਂ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਮੋਬਾਇਲ ਨੰਬਰ ਰਾਹੀਂ ਮਿਲੇ ਨੰਬਰਾਂ ਦੇ ਆਧਾਰ 'ਤੇ ਕੁਝ ਅਜਿਹੇ ਨੰਬਰ ਸਨ, ਜੋ ਇਨ੍ਹਾਂ ਦੇ ਕਾਫੀ ਨਜ਼ਦੀਕ ਸਨ ਜਿਨ੍ਹਾਂ ਦੀ ਜਾਂਚ ਲਈ ਉਨ੍ਹਾਂ ਦੇ ਨਜ਼ਦੀਕੀ 52 ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਦੁਬਾਰਾ ਅੱਤਵਾਦੀਆਂ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਰਿਮਾਂਡ 'ਤੇ ਲਿਆ ਗਿਆ।
ਏ. ਸੀ. ਪੀ.  ਮਾਹਲ ਨੇ ਦੱਸਿਆ ਕਿ ਜਿਹੜੀ ਜਗ੍ਹਾ ਅੱਤਵਾਦੀਆਂ ਨੇ ਬਲਾਸਟ ਕੀਤਾ ਸੀ, ਉਸ ਜਗ੍ਹਾ ਮੁਲਜ਼ਮਾਂ ਨੂੰ ਲਿਜਾਇਆ ਜਾਵੇਗਾ। ਅੱਤਵਾਦੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਇਕ ਹੀ ਜਗ੍ਹਾ ਤੋਂ ਇਕੱਠੇ ਹੋ ਕੇ 4 ਬੰਬ ਸੁੱਟੇ ਸਨ, ਜਿਸ ਤੋਂ ਬਾਅਦ ਸਾਰੇ ਆਟੋ 'ਚ ਫਰਾਰ ਹੋ ਗਏ।

PunjabKesari

ਅੱਤਵਾਦੀਆਂ ਦੀ ਬੈਂਕ ਡਿਟੇਲ ਖੋਲ੍ਹੇਗੀ ਕਈ ਰਾਜ਼
ਏ. ਸੀ. ਪੀ. ਨਵਨੀਤ ਮਾਹਲ ਨੇ ਦੱਸਿਆ ਕਿ ਮਕਸੂਦਾਂ ਬਲਾਸਟ 'ਚ ਫੜੇ ਗਏ ਅੱਤਵਾਦੀਆਂ ਦੇ ਬੈਂਕ ਖਾਤਿਆਂ ਦੀ ਡਿਟੇਲ ਕਢਵਾਉਣ ਲਈ ਬੈਂਕ ਨੂੰ ਲਿਖਿਆ ਗਿਆ ਹੈ, ਜਿਨ੍ਹਾਂ ਦੀ ਹਰ ਆਉਣ-ਜਾਣ ਵਾਲੀ ਟਰਾਂਜ਼ੈਕਸ਼ਨ ਬਾਰੇ ਪੁਲਸ ਪਤਾ ਕਰਵਾਏਗੀ। ਇਸ ਦਾ ਮਕਸਦ ਇਹ ਹੈ ਕਿ ਪਤਾ ਲੱਗੇ ਕਿ ਅੱਤਵਾਦੀਆਂ ਨੂੰ ਪੈਸਾ ਕਿਥੋਂ ਆਉਂਦਾ ਸੀ। ਇਸ ਨਾਲ ਕਈ ਰਾਜ਼ ਖੁੱਲ੍ਹ ਸਕਦੇ ਹਨ।

ਅੱਤਵਾਦੀਆਂ ਨੇ ਲੈਪਟਾਪ 'ਚੋਂ ਸਭ ਕੁਝ ਕੀਤਾ ਡਿਲੀਟ
ਫੜੇ ਗਏ ਅੱਤਵਾਦੀਆਂ ਕੋਲੋਂ ਪੁਲਸ ਨੇ ਮੋਬਾਇਲ ਅਤੇ ਲੈਪਟਾਪ ਬਰਾਮਦ ਕੀਤਾ ਸੀ। ਉਕਤ ਮੋਬਾਇਲ ਨੰਬਰ ਤੋਂ ਪੁਲਸ ਨੇ ਮਿਲੇ ਕੁਝ ਨਜ਼ਦੀਕੀ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ। ਪੁਲਸ ਨੇ ਬਰਾਮਦ ਲੈਪਟਾਪ ਦੀ ਜਾਂਚ ਕੀਤੀ ਤਾਂ ਉਸ 'ਚੋਂ ਸਭ ਕੁਝ ਡਿਲੀਟ  ਸੀ। ਪੁਲਸ ਉਸ ਲੈਪਟਾਪ 'ਚ ਡਿਲੀਟ ਹੋਏ ਸਾਰੇ ਸਾਫਟਵੇਅਰ ਨੂੰ ਰਿਕਵਰ ਕਰਨ 'ਚ ਜੁਟੀ ਹੈ।
ਮੂਸਾ ਨੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਕੇ ਕਰਵਾਇਆ ਬਲਾਸਟ : ਮੁਲਜ਼ਮ
ਉਥੇ, ਪੁਲਸ ਦੀ ਪੁੱਛਗਿੱਛ 'ਚ ਅੱਤਵਾਦੀਆਂ ਨੇ ਦੱਸਿਆ ਕਿ ਅੱਤਵਾਦੀ ਮੂਸਾ ਉਨ੍ਹਾਂ ਦੇ ਪਿੰਡ ਅਵੰਤੀਪੁਰਾ 'ਚ ਰਹਿੰਦਾ ਸੀ। ਮੂਸਾ ਨੂੰ ਪਹਿਲਾਂ ਉਹ ਨਿੱਜੀ ਤੌਰ 'ਤੇ ਜਾਣਦੇ ਸਨ ਪਰ ਬਾਅਦ 'ਚ ਉਸ ਨੇ ਫਰਾਰ ਹੋਏ ਅੱਤਵਾਦੀਆਂ ਦਾ ਸਹਾਰਾ ਲਿਆ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਕੋਲੋਂ ਮਕਸੂਦਾਂ ਥਾਣੇ 'ਚ ਬਲਾਸਟ ਕਰਵਾਇਆ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਈ ਵੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਸੀ।

ਏ. ਐੱਸ. ਆਈ. ਜਗਦੀਸ਼ ਦੀ ਬਹਾਦਰੀ ਜਾਂ ਲਾਪਰਵਾਹੀ?
ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਬਾਹਰ ਆਉਂਦੇ ਥਾਣਾ ਨੰ. 1 ਦੇ ਏ. ਐੱਸ. ਆਈ. ਨੇ ਇਕ ਹੱਥ 'ਚ ਆਪਣੀ ਪਿਸਤੌਲ ਬਾਹਰ ਕੱਢੀ ਸੀ ਅਤੇ ਦੂਜਾ ਹੱਥ ਅੱਤਵਾਦੀ ਦੇ ਮੋਢੇ 'ਤੇ ਸੀ, ਉਥੇ ਅੱਤਵਾਦੀ ਦੇ ਇਕ ਹੱਥ 'ਚ ਹੱਥਕੜੀ ਲੱਗੀ ਸੀ ਜਦਕਿ ਦੂਜੇ 'ਤੇ ਨਹੀਂ। ਜੋ ਪੁਲਸ ਦੀ ਇਕ ਵੱਡੀ ਅਣਗਹਿਲੀ ਵੀ ਸਾਬਤ ਹੋ ਸਕਦੀ ਸੀ। ਏ. ਐੱਸ. ਆਈ. ਜਗਦੀਸ਼ ਵੱਲੋਂ ਪਿਸਤੌਲ ਬਾਹਰ ਕੱਢ ਕੇ ਸ਼ਰੇਆਮ ਅੱਤਵਾਦੀ ਨਾਲ ਚੱਲਣਾ ਖੁਦ ਲਈ ਖਤਰਾ ਵੀ ਹੋ ਸਕਦਾ ਸੀ। ਇਸ ਨੂੰ ਪੁਲਸ ਦੀ ਬਹਾਦਰੀ ਕਹੀਏ ਜਾਂ ਲਾਪਰਵਾਹੀ?


author

shivani attri

Content Editor

Related News