ਗੱਟਾ ਮੰਡੀ ਕਾਸੂ ਨੇੜੇ ਬੰਨ੍ਹ ’ਚ ਪਏ 700 ਫੁੱਟ ਲੰਬੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ, ਕਈ ਪਿੰਡ ਅਜੇ ਵੀ ਪਾਣੀ ’ਚ ਡੁੱਬੇ

Tuesday, Jul 18, 2023 - 01:45 PM (IST)

ਗੱਟਾ ਮੰਡੀ ਕਾਸੂ ਨੇੜੇ ਬੰਨ੍ਹ ’ਚ ਪਏ 700 ਫੁੱਟ ਲੰਬੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ, ਕਈ ਪਿੰਡ ਅਜੇ ਵੀ ਪਾਣੀ ’ਚ ਡੁੱਬੇ

ਜਲੰਧਰ (ਚੋਪੜਾ) : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਦੀ ਮੌਜੂਦਗੀ ਵਿਚ ਸਤਲੁਜ ਦਰਿਆ ਦੇ ਧੱਕਾ ਬਸਤੀ ਨਜ਼ਦੀਕ ਧੁੱਸੀ ਬੰਨ੍ਹ ਵਿਚ ਪਏ 900 ਫੁੱਟ ਤੋਂ ਵੱਧ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ। ਪਾੜ ਪੈਣ ਨਾਲ ਕਈ ਪਿੰਡ ਅਜੇ ਵੀ ਪਾਣੀ ’ਚ ਡੁੱਬੇ ਹੋਏ ਹਨ। ਹਾਲਾਂਕਿ ਬੀਤੇ ਦਿਨਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ 200 ਫੁੱਟ ਪਾੜ ਨੂੰ ਪੂਰਿਆ ਸੀ, ਜਦੋਂ ਕਿ 700 ਫੁੱਟ ਨੂੰ ਪੂਰਨ ਦਾ ਕੰਮ ਅੱਜ ਸ਼ੁਰੂ ਕੀਤਾ ਹੈ। ਬਲਕਾਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰੇਮੀ ਅਤੇ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਆਉਣ ਵਾਲੇ ਕੁਝ ਦਿਨਾਂ ’ਚ ਉਕਤ ਪਾੜ ਨੂੰ ਪੂਰ ਕੇ ਇਲਾਕੇ ਦੇ ਪਿੰਡਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ, ਜਿਸ ਉਪਰੰਤ ਇਲਾਕੇ ਦੇ ਲੋਕਾਂ ਦਾ ਜੀਵਨ ਫਿਰ ਤੋਂ ਪਹਿਲਾਂ ਵਾਂਗ ਸਾਧਾਰਨ ਹੋ ਜਾਵੇਗਾ। ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਬੰਨ੍ਹ ਦੇ ਕੰਮ ਦਾ ਜਾਇਜ਼ਾ ਲੈ ਰਹੇ ਹਨ। ਪੰਜਾਬ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਲਈ ਵੱਡੇ ਪੱਧਰ ’ਤੇ ਯਤਨ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ’ਚ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਲਗਾਤਾਰ ਲੋਕਾਂ ਦੀ ਸਿਹਤ ਦੀ ਜਾਂਚ ਨੂੰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮਦਦ ਲੈ ਕੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ, ਇਹ ਹੈ ਹੜ੍ਹ ਦੀ ਵਜ੍ਹਾ

ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਧਿਕਾਰੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਪਾੜ ਨੂੰ ਪੂਰਨ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾੜ ਨੂੰ ਜਲਦ ਪੂਰ ਕੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇਗੀ। ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡਾਲਾ ਵਿਚ ਪਏ ਪਾੜ ਵਾਂਗ ਗੱਟਾ ਮੰਡੀ ਕਾਸੂ ਦਾ ਕੰਮ ਪੂਰਾ ਹੋਣ ਨਾਲ ਲੋਕਾਂ ਨੂੰ ਮੌਜੂਦਾ ਹਾਲਾਤ ਤੋਂ ਨਿਜਾਤ ਮਿਲੇਗੀ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਬੰਨ੍ਹ ਦੇ ਦੋਵੇਂ ਪਾਸੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹੋਰ ਵੀ ਜ਼ਿਆਦਾ ਸਮਰਪਣ ਭਾਵਨਾ ਨਾਲ ਇਸ ਲੋਕ ਪੱਖੀ ਕਾਰਜ ਨੂੰ ਜਲਦ ਮੁਕੰਮਲ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਪਾੜ ਵਾਲੀ ਜਗ੍ਹਾ ’ਤੇ ਟਰਾਲੀਆਂ-ਟਿੱਪਰ ਆਦਿ ਆਉਣ ਲਈ ਸੁਵਿਧਾਜਨਕ ਆਵਾਜਾਈ ਨੂੰ ਯਕੀਨੀ ਬਣਾਵੇ।

ਇਹ ਵੀ ਪੜ੍ਹੋ : ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News