ਬੱਚਿਆਂ ਨੂੰ ਸੁੱਟੋਂ ਨਾ, ਇਸ ਪੰਗੁੜੇ ''ਚ ਛੱਡੋ; ਕਈ ਵਿਦੇਸ਼ੀ ਪਰਿਵਾਰਾਂ ਨੇ ਬੱਚਿਆਂ ਨੂੰ ਲਿਆ ਗੋਦ

Monday, Jan 15, 2024 - 01:52 PM (IST)

ਬੱਚਿਆਂ ਨੂੰ ਸੁੱਟੋਂ ਨਾ, ਇਸ ਪੰਗੁੜੇ ''ਚ ਛੱਡੋ; ਕਈ ਵਿਦੇਸ਼ੀ ਪਰਿਵਾਰਾਂ ਨੇ ਬੱਚਿਆਂ ਨੂੰ ਲਿਆ ਗੋਦ

ਜਲੰਧਰ : ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਨਵਜੰਮੇ ਬੱਚਿਆਂ ਨੂੰ ਕੁੜੇ, ਨਾਲੀਆਂ ਜਾਂ ਗਲੀਆਂ 'ਚ ਸੁੱਟ ਦਿੰਦੇ ਹਨ। ਕੁੱਝ ਲੋਕ ਬੱਚਿਆਂ ਨੂੰ ਪਾਲ ਨਹੀਂ ਸਕਦੇ ਜਿਸ ਕਾਰਣ ਉਹ ਬੱਚਿਆਂ ਨੂੰ ਸੁੱਟ ਦਿੰਦੇ ਹਨ ਅਤੇ ਕਈ ਔਰਤਾਂ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਜਾਂਦੀਆਂ ਹਨ ਜਿਸ ਕਾਰਨ ਉਹ ਆਪਣੇ ਬੱਚੇ ਨੂੰ ਰੱਖਣਾ ਨਹੀਂ ਚਾਹੁੰਦੀਆਂ, ਇਸ ਲਈ ਉਹ ਜੰਮਣ ਤੋਂ ਬਾਅਦ ਸੁੱਟ ਦਿੰਦੀਆਂ ਹਨ ਪਰ ਹਰ ਬੱਚਾਂ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ। ਪਰਮਾਤਮਾ ਨੇ ਜੋ ਉਨ੍ਹਾਂ ਦੀ ਕਿਮਸਤ 'ਚ ਲਿਖਿਆ ਹੈ ਉਹ ਉਨ੍ਹਾਂ ਨੂੰ ਮਿਲ ਹੀ ਜਾਂਦਾ ਹੈ। ਅਜਿਹੇ ਹੀ ਕਈ ਬੱਚੇ ਜੋ ਕੁੜੇ ਦੇ ਢੇਰਾਂ ਜਾਂ ਝਾੜੀਆਂ 'ਚ ਮਿਲੇ, ਉਨ੍ਹਾਂ ਵਿਚੋਂ ਕਈ ਕੈਨੇਡਾ, ਅਮਰੀਕਾ ਜਾਂ ਇੰਗਲੈਂਡ 'ਚ ਗੋਦ ਲਏ ਗਏ।

ਜਲੰਧਰ 'ਚ ਪਿਛਲੇ ਹਫਤੇ ਇਕ ਬੱਚੇ ਦੀ ਫਾਈਲ 'ਤੇ ਆਖਰੀ ਮੋਹਰ ਲੱਗ ਚੁੱਕੀ ਹੈ, ਜਿਸ ਨੂੰ ਇਕ ਵਿਦੇਸ਼ੀ ਫੈਮਿਲੀ ਨੇ ਗੋਦ ਲਿਆ। ਅਜਿਹੀਆਂ ਤਿੰਨ ਫਾਇਲਾਂ ਹਨ ਜੋ ਜਲਦ ਫਾਈਨਲ ਹੋਣਗੀਆਂ। ਇਨ੍ਹਾਂ ਬੱਚਿਆਂ ਨੂੰ ਵੀ ਵਿਦੇਸ਼ੀ ਪਰਿਵਾਰ ਗੋਦ ਲੈਣਗੇ। ਇਸੇਂ ਤਰ੍ਹਾਂ ਪਿਛਲੇ ਸਾਲ ਮਹਿਤਪੁਰ 'ਚ ਇਕ ਬੱਚਾਂ ਖੇਤਾਂ ਵਿਚੋਂ ਬਰਾਮਦ ਹੋਇਆ ਸੀ, ਜਿਸ ਨੂੰ ਅਮਰੀਕੀ ਪਰਿਵਾਰ ਨੇ ਗੋਦ ਲਿਆ। ਜਲੰਧਰ 'ਚ ਅਜਿਹੇ 29 ਬੱਚੇ ਭਾਰਤ 'ਚ ਅਤੇ 20 ਬੱਚੇ ਵਿਦੇਸ਼ੀ ਪਰਿਵਾਰ ਗੋਦ ਲੈ ਚੁੱਕੇ ਹਨ। 

ਲੋਕਾਂ ਨੂੰ ਅਪੀਲ
ਜੇਕਰ ਕੋਈ ਕੁੜੀ ਜਾਂ ਉਸਦਾ ਪਰਿਵਾਰ ਬੱਚੇ ਨੂੰ ਜਨਮ ਤੋਂ ਬਾਅਦ ਨਹੀਂ ਰੱਖਣਾ ਚਾਹੁੰਦਾ ਤਾਂ ਨਾਰੀ ਨਿਕੇਤਨ ਟਰੱਸਟ ਨਕੋਦਰ ਰੋਡ ਅਤੇ ਭਾਈ ਕਨ੍ਹਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਨੇੜੇ ਖਾਂਬੜਾ 'ਚ ਦੇ ਸਕਦੇ ਹਨ। ਇਥੇ ਦੋ ਪੰਗੁੜੇ ਲਗਾਏ ਗਏ ਹਨ, ਜਿਥੇ ਬੱਚੇ ਨੂੰ ਛੱਡਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਟਰੱਸਟ ਵੱਲੋਂ ਪੂਰੀ ਤਰ੍ਹਾਂ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ। ਪੂਰੇ ਪੰਜਾਬ 'ਚ 9 ਅਡਾਪਸ਼ਨ ਏਜੰਸੀਆਂ ਹਨ।

ਬੱਚਾ ਗੋਦ ਲੈਣ ਲਈ ਆਨਲਾਈਨ ਕਰ ਸਕਦੇ ਹੋ ਅਪਲਾਈ
ਜੁਵੇਨਾਈਲ ਜਸਟਿਸ ਐਕਟ 2015 ਸੋਧ 2022 ਅਤੇ ਕਾਰਾ ਅਡਾਪਸ਼ਨ ਰੈਗੂਲੇਸ਼ਨ 2022 ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ 6 ਤੋਂ 8 ਮਹੀਨਿਆਂ ਬਾਅਦ ਹੀ ਬੱਚੇ ਨੂੰ ਗੋਦ ਲਿਆ ਜਾ ਸਕਦਾ ਹੈ। 

ਹਾਲਾਂਕਿ, ਇਹ ਸਮਾਂ ਲੰਬਾ ਹੋ ਸਕਦਾ ਹੈ ਕਿਉਂਕਿ ਦੇਸ਼ ਭਰ ਵਿੱਚ ਬੱਚੇ ਗੋਦ ਲੈਣ ਲਈ ਹਜ਼ਾਰਾਂ ਲੋਕ ਉਡੀਕ ਸੂਚੀ ਵਿੱਚ ਹਨ। ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (CARA) ਦੀ ਵੈੱਬਸਾਈਟ cara.nic. 'ਤੇ ਇਸ ਸਬੰਧੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਬੱਚਿਆਂ ਦੀਆਂ ਮੈਡੀਕਲ ਰਿਪੋਰਟਾਂ ਅਤੇ ਹੋਰ ਸਾਰੀ ਜਾਣਕਾਰੀ ਇੱਥੇ ਉਪਲਬਧ ਹੋਵੇਗੀ। ਬੱਚਿਆਂ ਦੀਆਂ ਚਾਰ ਸ਼੍ਰੇਣੀਆਂ ਹਨ, ਅਨਾਥ, ਮ੍ਰਿਤਕ, ਲਾਪਤਾ ਅਤੇ ਸਮਰਪਣ। ਵੈੱਬਸਾਈਟ 'ਤੇ ਬੱਚਿਆਂ ਦੀ ਪੂਰੀ ਮੈਡੀਕਲ ਰਿਪੋਰਟ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

ਹੁਣ ਤੱਕ 49 ਬੱਚਿਆਂ ਨੂੰ ਮਿਲਿਆ ਮਾਪਿਆਂ ਦਾ ਪਿਆਰ
ਭਾਰਤ ਦੀ ਗੱਲ ਕਰੀਏ ਤਾਂ 2020 ਤੋਂ 2023 ਤੱਕ ਜਲੰਧਰ ਦੇ ਪਰਿਵਾਰਾਂ ਵੱਲੋਂ 29 ਬੱਚੇ ਗੋਦ ਲਏ ਗਏ ਹਨ। ਇਨ੍ਹਾਂ ਵਿੱਚ 9 ਲੜਕੇ ਅਤੇ 20 ਲੜਕੀਆਂ ਸ਼ਾਮਲ ਹਨ। ਇਸ ਦੇ ਨਾਲ ਹੀ 20 ਬੱਚਿਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਮਾਪਿਆਂ ਦਾ ਪਿਆਰ ਮਿਲਿਆ ਹੈ। 2015 ਤੋਂ 2021 ਤੱਕ, ਅਮਰੀਕਾ, ਇਟਲੀ, ਕੈਨੇਡਾ, ਸਪੇਨ, ਯੂਕੇ, ਯੂਏਈ ਵਿੱਚ ਪਰਿਵਾਰਾਂ ਦੁਆਰਾ 20 ਬੱਚਿਆਂ ਨੂੰ ਗੋਦ ਲਿਆ ਗਿਆ ਹੈ। ਇਨ੍ਹਾਂ ਵਿੱਚ 1 ਮੇਲ ਅਤੇ 19 ਫੀਮੇਲ ਹਨ। 2021 ਤੋਂ ਬਾਅਦ ਹੁਣ ਫਿਰ ਤੋਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਸ ਸਾਲ ਤਿੰਨ ਬੱਚੇ ਵਿਦੇਸ਼ੀ ਪਰਿਵਾਰਾਂ ਵੱਲੋਂ ਗੋਦ ਲਏ ਜਾਣਗੇ। ਇਨ੍ਹਾਂ ਵਿੱਚੋਂ ਇੱਕ ਕੁੜੀ ਅਮਰੀਕਾ ਜਾ ਰਹੀ ਹੈ।


author

Anuradha

Content Editor

Related News