ਮਾਨਸਾ ਨੂੰ ਪੋਸ਼ਣ ਅਭਿਆਨ 'ਚ ਉੱਤਮ ਭੂਮਿਕਾ ਨਿਭਾਉਣ 'ਤੇ ਮਿਲਿਆ ਐਵਾਰਡ

Friday, Aug 23, 2019 - 04:44 PM (IST)

ਮਾਨਸਾ ਨੂੰ ਪੋਸ਼ਣ ਅਭਿਆਨ 'ਚ ਉੱਤਮ ਭੂਮਿਕਾ ਨਿਭਾਉਣ 'ਤੇ ਮਿਲਿਆ ਐਵਾਰਡ

ਮਾਨਸਾ (ਮਿੱਤਲ) : ਮਾਨਸਾ ਜ਼ਿਲੇ 'ਚ ਪੋਸ਼ਣ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਅੱਜ ਨਵੀਂ ਦਿੱਲੀ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਚੇਚੇ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਵਲੋਂ ਮਾਨਸਾ ਵਿਖੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਅੱਜ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਮਾਨਸਾ ਜ਼ਿਲੇ ਨੂੰ ਪੋਸ਼ਣ ਅਭਿਆਨ ਤਹਿਤ ਵਧੀਆ ਗਤੀਵਿਧੀਆਂ ਕਰਵਾਉਣ ਤਹਿਤ ਉੱਤਮ ਜ਼ਿਲੇ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਲਾਈ ਮੰਤਰੀ ਸ੍ਰੀਮਤੀ ਸਿਮਰਤੀ ਇਰਾਨੀ ਨੇ ਉਚੇਚੇ ਤੌਰ 'ਤੇ ਡਿਪਟੀ ਕਮਿਸ਼ਨਰ ਨੂੰ ਵਧਾਈ ਦਿੰਦਿਆਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ 'ਤੇ ਪੋਸ਼ਣ ਅਭਿਆਨ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਸਿੱਟੇ ਵਜੋਂ ਇਹ ਅਵਾਰਡ ਦਿੱਤਾ ਜਾ ਰਿਹਾ ਹੈ। 

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ, ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਅਵਿਨਾਸ਼ ਕੌਰ ਅਤੇ ਸਵਸਥ ਭਾਰਤ ਪ੍ਰੇਰਕ ਆਦਿੱਤਯ ਮਦਾਨ ਨੇ ਸਮਾਗਮ ਦੌਰਾਨ ਇਹ ਅਵਾਰਡ ਪ੍ਰਾਪਤ ਕੀਤਾ। ਪਿਛਲੇ ਸਾਲ ਵੀ ਪੋਸ਼ਣ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੂੰ ਕੌਮੀ ਅਵਾਰਡ ਨਾਲ ਨਿਵਾਜ਼ਿਆ ਗਿਆ ਸੀ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਕੁਪੋਸ਼ਣ ਦਾ ਖਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ੍ਰੀਮਤੀ ਸਿਮਰਤੀ ਈਰਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸ਼ਣ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ 'ਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ। ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਰ 'ਤੇ ਸ਼ਾਮਲ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪੋਸ਼ਣ ਅਭਿਆਨ ਨੂੰ ਲੋਕ ਲਹਿਰ ਬਣਾਉਂਦਿਆਂ ਜ਼ਿਲਿਆਂ 'ਚ ਜਾਗਰੂਕਤਾ ਮੁਹਿੰਮ ਵਿੱਢੀ ਗਈ। ਇਸ ਦੌਰਾਨ ਹੇਠਲੇ ਪੱਧਰ 'ਤੇ ਪੋਸ਼ਣ ਰੈਲੀਆਂ, ਗੋਦ ਭਰਾਈ, ਨਵ-ਵਿਆਹੁਤਾ ਜੋੜਿਆਂ ਨੂੰ ਭਰੂਣ ਹੱਤਿਆ ਨਾ ਕਰਨ ਬਾਰੇ ਜਾਗਰੂਕ ਕਰਨਾ, ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਕੁਪੋਸ਼ਣ ਨਾਲ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀ ਬੀਮਾਰੀਆਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਘੱਟ ਖੂਨ ਵਾਲੇ ਬੱਚਿਆਂ ਦੀ ਤਿੰਨ-ਤਿੰਨ ਮਹੀਨਿਆਂ ਬਾਅਦ ਸਪੈਸ਼ਲ ਮੋਨੀਟਰਿੰਗ ਕੀਤੀ ਗਈ। ਵਿਭਾਗ ਦਾ ਮੁੱਖ ਨਾਅਰਾ 'ਪੌਸ਼ਟਿਕ ਖਾਓ, ਤੰਦਰੁਸਤ ਰਹੋ' ਰਿਹਾ। ਉਨ੍ਹਾਂ ਕਿਹਾ ਕਿ ਸੂਬੇ 'ਚ ਕੁਪੋਸ਼ਣ ਮੁਕਤ ਸਿਰਜਣਾ ਲਈ ਜਿੱਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ ਉਥੇ ਸਿਹਤਮੰਦ ਆਦਤਾਂ ਵੀ ਪਾਉਣੀਆਂ ਜ਼ਰੂਰੀ ਹਨ। ਇਸ ਅਭਿਆਨ ਦੀ ਸਫਲਤਾ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ, ਏ.ਐੱਨ.ਐੱਮ. ਅਤੇ ਡੇ.ਐੱਨ.ਆਰ.ਐੱਲ.ਐੱਮ. (ਪੇਵਿਕਾਸ) ਨੇ ਬਹੁਤ ਮਿਹਨਤ ਕੀਤੀ। ਇਸ ਤਰ੍ਹਾਂ ਦੇ ਅਵਾਰਡ ਦਾ ਸਿਹਰਾ ਇਨ੍ਹਾਂ ਸਾਰਿਆਂ ਨੂੰ ਜਾਂਦਾ ਹੈ।


author

Baljeet Kaur

Content Editor

Related News