ਮਾਨਸਾ 'ਚ ਹਰਸਿਮਰਤ ਦੇ ਹੱਕ 'ਚ ਹੇਮਾ ਮਾਲਿਨੀ ਦਾ ਰੋਡ ਸ਼ੋਅ

05/16/2019 3:36:30 PM

ਮਾਨਸਾ (ਸੰਦੀਪ ਮਿੱਤਲ) : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। ਅੱਜ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਆਗੂ ਹੇਮਾ ਮਾਲਿਨੀ ਮਾਨਸਾ ਵਿਖੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਕ ਵੱਡਾ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਹੇਮਾ ਮਾਲਿਨੀ ਨੇ ਵੋਟਰਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਹੇਮ ਮਾਲਿਨੀ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ, ਜਿਸ ਨੂੰ ਦੇਖਦਿਆਂ ਕੇਂਦਰ 'ਚ ਅਗਲੀ ਸਰਕਾਰ ਵੀ ਮੋਦੀ ਦੀ ਅਗਵਾਈ ਹੇਠ ਗਠਿਤ ਹੋਵੇਗੀ।

ਇਸ ਦੌਰਾਨ ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਵਿਚ ਬਚਪਨਾ ਹੋਣ ਕਾਰਨ ਉਹ ਸਿਆਸਤ ਦੇ ਅਨਾੜੀ ਖਿਲਾੜੀ ਹਨ। ਉਨ੍ਹਾਂ ਨੂੰ ਰਾਜਨੀਤੀ ਬਾਰੇ ਕੋਈ ਸਮਝ ਨਹੀਂ ਹੈ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 5 ਸਾਲਾਂ ਦੇ ਰਾਜ ਦੌਰਾਨ ਦੇਸ਼ ਨੂੰ ਵਿਕਾਸ ਪੱਖੋਂ ਬੁਲੰਦੀਆਂ 'ਤੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਮੋਦੀ ਦੀ ਅਗਵਾਈ ਹੇਠ ਭਾਰਤ ਸਮੁੱਚੇ ਦੇਸ਼ਾਂ ਵਿਚ ਮੁੜ ਸੋਨੇ ਦੀ ਚਿੜੀ ਕਹਾਏਗਾ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੰਘੇ ਸਵਾ 2 ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਨੇ ਆਪਣੀਆਂ ਤਿਜ਼ੋਰੀਆਂ ਭਰਨ ਦੀ ਬਜਾਏ ਕੁੱਝ ਨਹੀਂ ਕੀਤਾ। ਦੱਸ ਦੇਈਏ ਕਿ ਅੱਜ ਬਠਿੰਡਾ 'ਚ ਸੰਨੀ ਦਿਓਲ ਵੀ ਹਰਸਿਮਰਤ ਕੌਰ ਦੇ ਹੱਕ 'ਚ ਰੋਡ ਸ਼ੋਅ ਕੱਢਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਲਈ ਚੋਣ ਪ੍ਰਚਾਰ 17 ਮਈ ਨੂੰ ਬੰਦ ਹੋ ਜਾਵੇਗਾ। ਦੱਸ ਦੇਈਏ ਕਿ 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ।


Related News