MBBS ਦੀ ਪੜ੍ਹਾਈ ਕਰਨ ਯੂਕ੍ਰੇਨ ਗਈਆਂ ਮਾਨਸਾ ਦੀਆਂ ਕੁੜੀਆਂ ਫਸੀਆਂ, ਪਰਿਵਾਰ ਨੇ ਕੀਤੀ ਇਹ ਮੰਗ
Friday, Feb 25, 2022 - 04:58 PM (IST)
ਮਾਨਸਾ (ਅਮਰਜੀਤ ਚਾਹਲ) : ਰੂਸ ਅਤੇ ਯੂਕ੍ਰੇਨ ਵਿਚਾਲੇ ਲਗਾਤਾਰ ਵੱਧ ਰਹੇ ਤਣਾਅ ਕਾਰਨ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਭੀਖੀ, ਮਾਨਸਾ, ਖੜਕ ਸਿੰਘ ਵਾਲਾ ਤੇ ਰੱਲਾ ਦੀਆਂ 5 ਲੜਕੀਆਂ ਯੂਕ੍ਰੇਨ 'ਚ ਫਸ ਗਈਆਂ ਹਨ, ਜਿਨ੍ਹਾਂ ਦੇ ਮਾਪੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ, ਜਦਕਿ ਯੂਕ੍ਰੇਨ 'ਚ ਬੈਠੀਆਂ ਲੜਕੀਆਂ ਨੇ ਫੋਨ 'ਤੇ ਦੱਸਿਆ ਕਿ ਅਸੀਂ ਡਰ ਕਾਰਨ ਬੰਕਰਾਂ 'ਚ ਭੁੱਖੀਆਂ-ਪਿਆਸੀਆਂ ਬੈਠੇ ਹਾਂ।
ਇਹ ਵੀ ਪੜ੍ਹੋ : ਦਾਜ ਦੀ ਮੰਗ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਤੇ ਸਹੁਰੇ ਖ਼ਿਲਾਫ਼ ਕੇਸ ਦਰਜ
ਪੀੜਤ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਬੱਚੀਆਂ ਯੂਕ੍ਰੇਨ ਦੇ ਸ਼ਹਿਰ ਖਾਰੀਵ ਸਥਿਤ ਖਾਰੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਮੈਡੀਸਨ ਦੀ ਪੜ੍ਹਾਈ ਕਰ ਰਹੀਆਂ ਹਨ, ਜੋ ਉੱਥੇ ਜੰਗ ਕਾਰਨ ਵਿਗੜ ਰਹੇ ਹਾਲਾਤ ਤੋਂ ਪ੍ਰੇਸ਼ਾਨ ਹਨ। ਮਨਜਿੰਦਰ ਕੌਰ ਪੁੱਤਰੀ ਗੁਰਤੇਜ ਸਿੰਘ ਵਾਸੀ ਮਾਨਸਾ, ਅੰਸ਼ਿਕਾ ਸ਼ਰਮਾ ਪੁੱਤਰੀ ਬਲਵਿੰਦਰ ਸ਼ਰਮਾ ਵਾਸੀ ਭੀਖੀ, ਜਸ਼ਨਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਪਿੰਡ ਖੜਕ ਸਿੰਘ ਵਾਲਾ, ਮੀਨੂੰ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਪਿੰਡ ਰੱਲਾ ਅਤੇ ਸੁਖਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਯੂਕ੍ਰੇਨ 'ਚ ਬਣੇ ਹਾਲਾਤ ਕਾਰਨ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ੍ਹ 'ਚ ਕੀਤਾ ਸ਼ਿਫਟ
ਇਨ੍ਹਾਂ ਲੜਕੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਅਸੀਂ ਯੂਕ੍ਰੇਨ ਵਿੱਚ ਚੱਲ ਰਹੀ ਜੰਗ ਕਾਰਨ ਦੁਖੀ ਹਾਂ ਕਿਉਂਕਿ ਸਾਨੂੰ ਉੱਥੋਂ ਦੀ ਅੰਬੈਸੀ ਤੇ ਯੂਨੀਵਰਸਿਟੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਦੋਂ ਸਾਨੂੰ ਉੱਥੋਂ ਦੇ ਹਾਲਾਤ ਬਾਰੇ ਪਤਾ ਲੱਗਾ ਤਾਂ ਅਸੀਂ ਟਿਕਟਾਂ ਵੀ ਬੁੱਕ ਕਰਵਾ ਦਿੱਤੀਆਂ ਪਰ ਇਸ ਤੋਂ ਪਹਿਲਾਂ ਹੀ ਮਾਹੌਲ ਖ਼ਰਾਬ ਹੋ ਚੁੱਕਾ ਸੀ, ਜਿਸ ਕਾਰਨ ਸਾਡੇ ਬੱਚੇ ਉੱਥੇ ਫਸ ਗਏ। ਉਨ੍ਹਾਂ ਕਿਹਾ ਕਿ ਬੱਚੇ ਉਥੇ ਮੈਟਰੋ ਅਤੇ ਬੰਕਰਾਂ ਵਿੱਚ ਬੰਦ ਹੋ ਕੇ ਆਪਣਾ ਸਮਾਂ ਲੰਘਾ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਬੱਚੇ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਸਕਣ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਕੈਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ