ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਬਣੀ ਅੱਕੀ ਕੌਰ ਲਈ ਵਰਦਾਨ
Wednesday, Jan 06, 2021 - 11:20 AM (IST)
ਮਾਨਸਾ (ਸੰਦੀਪ ਮਿੱਤਲ): ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਹੁਨਰਮੰਦ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਮਾਨਸਾ ਜ਼ਿਲੇ ’ਚ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਲੇਸਮੈਂਟ ਕੈਂਪ ਅਤੇ ਮੇਲੇ ਲਾ ਕੇ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ’ਚ ਰੋਜ਼ਗਾਰ ਲਈ ਭੇਜਿਆ ਜਾ ਰਿਹਾ ਹੈ।ਜ਼ਿਲਾ ਰੋਜ਼ਗਾਰ ਅਫਸਰ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਮੁਹਿੰਮ ’ਚ ਵੱਡੇ ਪੱਧਰ ’ਤੇ ਲਡ਼ਕੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਆਪਣੇ ਪੈਰਾਂ ਸਿਰ ਖਡ਼੍ਹੀਆਂ ਹੋਣ ’ਚ ਸਫਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਹੀ ਇਕ ਲਡ਼ਕੀ ਅੱਕੀ ਕੌਰ ਪੁੱਤਰੀ ਕਾਲਾ ਸਿੰਘ ਪਿੰਡ ਭੰਮੇ ਖੁਰਦ ਤਹਿਸੀਲ ਸਰਦੂਲਗਡ਼੍ਹ ਦੀ ਰਹਿਣ ਵਾਲੀ ਹੈ, ਜਿਸ ਦੀ ਉਮਰ 21 ਸਾਲ ਹੈ ਅਤੇ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਇਸ ਲਡ਼ਕੀ ਨੂੰ ਬਰਨਾਲਾ ਦੇ ਟਰਾਈਡੈਂਟ ਗਰੁੱਪ ਵਿਖੇ ਨੌਕਰੀ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਇਸ ਸਬੰਧੀ ਅੱਕੀ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਜੀ ਭੱਠੇ ਉੱਪਰ ਲੇਬਰ ਦਾ ਕੰਮ ਕਰਦੇ ਹਨ ਅਤੇ ਆਮਦਨ ਦੇ ਵਸੀਲੇ ਘੱਟ ਹੋਣ ਕਾਰਣ ਘਰ ਦਾ ਗੁਜ਼ਾਰਾ ਬਡ਼ੀ ਮੁਸ਼ਕਿਲ ਨਾਲ ਚਲਦਾ ਹੈ। ਉਸ ਨੇ ਦੱਸਿਆ ਕਿ 12ਵੀਂ ਪਾਸ ਕਰਨ ਉਪਰੰਤ ਮੈਂ ਆਪਣੇ ਲਈ ਨੌਕਰੀ ਦੀ ਤਲਾਸ਼ ਕਰ ਰਹੀ ਸੀ ਅਤੇ ‘ਕੋਵਿਡ-19’ ਮਹਾਮਾਰੀ ਦੌਰਾਨ ਕਿਸੇ ਪਾਸੇ ਨੌਕਰੀ ਨਾ ਮਿਲਣ ’ਤੇ ਮੈਂ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਹੀ ਸੀ। ਅੱਕੀ ਕੌਰ ਨੇ ਦੱਸਿਆ ਕਿ 9 ਮਾਰਚ 2020 ਤੋਂ ਮੈਂ ਆਪਣਾ ਨਾਮ ਰੋਜ਼ਗਾਰ ਦਫਤਰ ਮਾਨਸਾ ਵਿਖੇ ਦਰਜ ਕਰਵਾਇਆ।
ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼
ਉਸ ਨੇ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਬਲਾਕ ਸਰਦੂਲਗਡ਼੍ਹ ਦੀਆਂ ਲਡ਼ਕੀਆਂ ਨੂੰ ਮੁਫਤ ਬੱਸਾਂ ਰਾਹੀਂ ਟਰਾਈਡੈਂਟ ਗਰੁੱਪ ਸੰਘੇਡ਼ਾ ਪਲਾਟ ਵਿਖੇ ਲੈ ਕੇ ਜਾਇਆ ਗਿਆ। ਟਰਾਈਡੈਂਟ ਗਰੁੱਪ ਸੰਘੇਡ਼ਾ ਵਿਖੇ ਮੈਂ ਆਪਣੇ ਦਸਤਾਵੇਜ਼ ਚੈੱਕ ਕਰਵਾਉਣ ਬਾਅਦ ਟੈਸਟ ਪਾਸ ਕਰ ਲਿਆ ਅਤੇ ਆਖਿਰ ਮੈਂ ਇਸ ਕੰਪਨੀ ’ਚ ਚੋਣ ਹੋ ਗਈ। ਅੱਕੀ ਕੌਰ ਨੇ ਦੱਸਿਆ ਕਿ ਇਹ ਮੇਰੇ ਲਈ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਨੇ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਮੇਂ-ਸਮੇਂ ’ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸੰਦੇਸ਼ ਭੇਜਦੇ ਹਨ ਅਤੇ ਉਨ੍ਹਾਂ ਦੇ ਸਿਲੈਕਟ ਹੋਣ ’ਚ ਪੂਰੀ ਮਦਦ ਕਰਦੇ ਹਨ।