ਸਾਈਕਲ ''ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਮਾਂ ਬੋਲੀ ਦਾ ਪ੍ਰਚਾਰ ਕਰੇਗਾ ਤੇਜਿੰਦਰ

10/13/2019 4:04:01 PM

ਮਾਨਸਾ (ਮਨਜੀਤ ਕੌਰ) : ਪੰਜਾਬੀ ਮਾਂ ਬੋਲੀ ਦਾ ਸਾਈਕਲ 'ਤੇ ਜਾ ਕੇ ਵੱਖ-ਵੱਖ ਇਲਾਕਿਆਂ 'ਚ ਨਿਸ਼ਕਾਮ ਪ੍ਰਚਾਰ ਕਰਨ ਵਾਲੇ ਤੇਜਿੰਦਰ ਸਿੰਘ ਖਾਲਸਾ ਇਸ ਵਾਰ ਪੰਜਾਬ, ਹਰਿਆਣਾ, ਦਿੱਲੀ 'ਚ ਪੰਜਾਬੀ ਮਾਂ ਬੋਲੀ ਦੀ ਅਲਖ ਜਗਾਏਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਯਾਤਰਾ ਮਾਨਸਾ ਤੋਂ 18 ਅਕਤੂਬਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿਚਦੀ ਹੁੰਦੀ ਹੋਈ ਮਾਨਸਾ 'ਚ ਹੀ 13 ਨਵੰਬਰ ਨੂੰ ਖਤਮ ਹੋਵੇਗੀ। 

ਇਸ ਪ੍ਰਚਾਰ ਯਾਤਰਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ 'ਚ ਪ੍ਰਾਜੈਕਟਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਲੇਖ ਮੁਕਾਬਲੇ, ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਦੀਆਂ ਜਮਾਤਾਂ ਲਾਈਆਂ ਜਾਣਗੀਆਂ। ਇਸ ਯਾਤਰਾ 'ਚ ਰੋਜ਼ਾਨਾ 125 ਤੋਂ 150 ਕਿਲੋਮੀਟਰ ਸਫਰ ਤੈਅ ਕਰਨ ਦੇ ਨਾਲ-ਨਾਲ 6 ਘੰਟੇ ਜਮਾਤਾਂ ਲਈ ਸਮਾਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੀਆਂ ਸੱਥਾਂ, ਬੱਸ ਅੱਡਿਆਂ 'ਚ ਵੀ ਪੰਜਾਬੀ ਮਾਂ ਬੋਲੀ ਬਾਰੇ ਜਾਗਰੂਕ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਖਾਲਸਾ ਨੇ ਪਿਛਲੇ ਸਾਲ ਵੀ ਸਾਈਕਲ 'ਤੇ ਪੰਜਾਬੀ ਮਾਂ ਬੋਲੀ ਯਾਤਰਾ ਕੀਤੀ ਸੀ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਸਨ। ਇਸ ਮੌਕੇ ਇਕਬਾਲ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।


Baljeet Kaur

Content Editor

Related News