ਹਾਰ ਤੋਂ ਡਰੀ ਕਾਂਗਰਸ ਖਰੀਦ ਰਹੀ ਹੈ ''ਆਪ'' ਵਿਧਾਇਕ : ਭਗਵੰਤ ਮਾਨ (ਵੀਡੀਓ)
Monday, Apr 29, 2019 - 10:37 AM (IST)
ਮਾਨਸਾ (ਅਮਰਜੀਤ) : ਲੋਕ ਸਭਾ ਹਲਕਾ ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ ਵਿਚ ਐਤਵਾਰ ਨੂੰ ਪ੍ਰਚਾਰ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਦੇ ਵਿਰੋਧ ਕਾਰਨ ਘਬਰਾਏ ਹੋਏ ਹਨ, ਜਿਸ ਕਾਰਨ ਦੋਵਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਹੈ। ਇਸ ਲਈ ਅੱਜ ਕਾਂਗਰਸ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਕੀਲ ਕਾਨੂੰਨੀ ਪੱਖ ਤੋਂ ਦੇਖ ਰਹੇ ਹਨ ਅਤੇ ਉਹ ਇਸ ਦੀ ਸ਼ਿਕਾਇਤ ਵੀ ਕਰਨਗੇ। ਕਾਂਗਰਸ ਅਤੇ ਅਕਾਲੀ ਦਲ ਭਾਜਪਾ ਦਾ ਇਕ ਹੀ ਨਿਸ਼ਾਨਾ ਹੈ ਕਿ ਭਗਵੰਤ ਮਾਨ ਨੂੰ ਕਿਵੇਂ ਹਰਾਈਏ।
ਇਸ ਦੌਰਾਨ ਮਾਨ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਅਤੇ ਅਕਾਲੀ ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਵਿਰੋਧ ਕਰਨ 'ਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਲੋਕ ਆਪਣੇ ਹੱਕ ਪਛਾਣਨ ਲੱਗੇ ਹਨ।
ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਮਾਨ ਨੇ ਕਿਹਾ ਕਿ ਕੁੱਝ ਲਾਲਚੀ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਜੋ ਕਿ ਲਾਲਚ ਕਰਕੇ ਦੂਜੀ ਪਾਰਟੀ ਵਿਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਉਸ ਲਈ ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਲੋਕਾਂ ਦਾ ਦਿਲ ਤੋੜ ਕੇ ਦੂਜੀਆਂ ਪਾਰਟੀ ਵਿਚ ਚਲੇ ਗਏ ਹਨ ਹੁਣ ਉਨ੍ਹਾਂ ਦੀ ਘਰ ਵਾਪਸੀ ਨਹੀਂ ਹੋ ਸਕਦੀ।