ਵਿੱਤ ਮੰਤਰੀ ਦੇ ਮੀਡੀਆ ਮੁਖੀ ''ਤੇ ਥਾਣੇ ''ਚ ਆਪਣੇ ਰਿਸ਼ਤੇਦਾਰ ਨਾਲ ਕੁੱਟ-ਮਾਰ ਦਾ ਦੋਸ਼
Thursday, Mar 15, 2018 - 03:33 AM (IST)

ਬਠਿੰਡਾ(ਵਰਮਾ)-ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜ਼ਿਲਾ ਮੀਡੀਆ ਮੁਖੀ ਹਰਜੋਤ ਸਿੰਘ 'ਤੇ ਉਸੇ ਦੇ ਤਾਏ ਨੇ ਥਾਣੇ ਵਿਚ ਕੁੱਟ-ਮਾਰ ਦੇ ਦੋਸ਼ ਲਾਏ ਪਰ ਮੀਡੀਆ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੇ ਪਿਤਾ ਅੰਮ੍ਰਿਤਪਾਲ ਨਾਲ ਝਗੜਾ ਹੈ ਉਸ ਦਾ ਕੋਈ ਲੈਣਾ-ਦੇਣਾ ਨਹੀਂ, ਨਾ ਹੀ ਕੋਈ ਕੁੱਟ-ਮਾਰ ਹੋਈ ਹੈ। ਇਸ ਸਬੰਧ ਵਿਚ ਐੱਸ. ਐੱਸ. ਪੀ. ਬਠਿੰਡਾ ਨੇ ਕਿਹਾ ਕਿ ਦੋਵੇਂ ਪਾਸਿਓਂ ਸ਼ਿਕਾਇਤ ਜ਼ਰੂਰ ਮਿਲੀ ਹੈ ਪਰ ਕੁੱਟ-ਮਾਰ ਸਾਹਮਣੇ ਨਹੀਂ ਆਈ। ਜਾਂਚ ਤੋਂ ਬਾਅਦ ਅਸਲੀਅਤ ਸਾਹਮਣੇ ਆਵੇਗੀ। ਸੰਗਤ ਵਾਸੀ ਪਰਮਪਾਲ ਸਿੰਘ ਨੇ ਦੱਸਿਆ ਕਿ ਘਰੇਲੂ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਬੁੱਧਵਾਰ ਨੂੰ ਪੁਲਸ ਨੇ ਉਨ੍ਹਾਂ ਨੂੰ ਥਾਣੇ ਤਲਬ ਕੀਤਾ ਸੀ, ਜਿਥੇ ਪਹਿਲਾਂ ਹੀ ਮੀਡੀਆ ਮੁਖੀ ਹਰਜੋਤ ਸਿੰਘ ਮੌਜੂਦ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਵੇਂ ਹੀ ਉਹ ਥਾਣੇ ਗਿਆ ਤਾਂ ਉਸ ਦੇ ਭਤੀਜੇ ਨੇ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਜਦਕਿ ਪੁਲਸ ਤਮਾਸ਼ਾ ਦੇਖਦੀ ਰਹਿ ਗਈ। ਥਾਣਾ ਮੁਖੀ ਗੁਰਬਖਸ਼ੀਸ਼ ਸਿੰਘ ਨੇ ਇਨ੍ਹਾ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਥਾਣੇ ਵਿਚ ਕੋਈ ਕੁੱਟ-ਮਾਰ ਨਹੀਂ ਹੋਈ, ਜੇਕਰ ਕੋਈ ਥਾਣੇ ਦੇ ਬਾਹਰ ਝਗੜਾ ਹੋਇਆ ਹੈ ਤਾਂ ਉਸ ਦੀ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਹਰਜੋਤ ਸਿੰਘ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਪਰਮਪਾਲ ਦੇ ਵਿਰੁੱਧ ਸ਼ਿਕਾਇਤ ਦਿੱਤੀ ਸੀ ਕਿ ਉਹ ਉਸ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਉਸ ਨੇ ਆਪਣੇ ਹਿੱਸੇ ਦੀ ਜ਼ਮੀਨ 'ਤੇ ਦੁਕਾਨਾਂ ਬਣਾ ਰੱਖੀਆਂ ਹਨ। ਹੁਣ ਉਸ ਨੇ ਉਸ ਦੇ ਹਿੱਸੇ ਦੀ ਜ਼ਮੀਨ 'ਤੇ ਉਸਾਰੀ ਸਮੱਗਰੀ ਰੱਖਣੀ ਸ਼ੁਰੂ ਕਰ ਦਿੱਤੀ, ਜਿਸ 'ਤੇ ਉਨ੍ਹਾਂ ਨੇ ਇਤਰਾਜ਼ ਕੀਤਾ ਪਰ ਉਹ ਨਹੀਂ ਮੰਨਿਆ ਅਤੇ ਝਗੜਾ ਕਰਨ ਲਗਾ। ਇਸ ਮਾਮਲੇ 'ਚ ਪੁਲਸ ਨੇ ਪਰਮਪਾਲ ਨੂੰ ਥਾਣੇ ਬੁਲਾਇਆ ਜ਼ਰੂਰ ਸੀ ਪਰ ਇਥੇ ਕੋਈ ਝਗੜਾ ਨਹੀਂ ਹੋਇਆ। ਹੁਣ ਪਰਮਪਾਲ ਨੇ ਵੀ ਹਰਜੋਤ ਤੇ ਉਸ ਦੇ ਪਿਤਾ ਅੰਮ੍ਰਿਤਪਾਲ ਵਿਰੁੱਧ ਸ਼ਿਕਾਇਤ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਮੀਡੀਆ ਮੁਖੀ
ਮਨਪ੍ਰੀਤ ਬਾਦਲ ਦੇ ਜ਼ਿਲਾ ਮੀਡੀਆ ਮੁਖੀ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਤਾਏ ਪਰਮਪਾਲ ਨਾਲ ਜ਼ਮੀਨ ਦੀ ਵੰਡ ਹੋ ਚੁੱਕੀ ਹੈ। ਆਪਣੇ ਹਿੱਸੇ ਦੀ ਜ਼ਮੀਨ 'ਤੇ ਉਸ ਨੇ ਉਸਾਰੀ ਵੀ ਕੀਤੀ ਹੋਈ ਹੈ। ਉਹ ਆਪਣੇ ਹਿੱਸੇ ਦੀ ਜ਼ਮੀਨ ਵੇਚਣਾ ਚਾਹੁੰਦੇ ਸਨ ਪਰ ਪਰਮਪਾਲ ਨੇ ਉਸ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਥੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਸਬੰਧੀ ਪੁਲਸ ਨੂੰ ਉਸ ਦੇ ਪਿਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪਹਿਲਾਂ ਵੀ ਪੰਚਾਇਤ ਫੈਸਲਾ ਕਰ ਚੁੱਕੀ ਹੈ ਪਰ ਉਨ੍ਹਾਂ ਦਾ ਤਾਇਆ ਪੰਚਾਇਤੀ ਫੈਸਲਾ ਵੀ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਸਿਰਫ ਉਸ ਨੂੰ ਬਦਨਾਮ ਕਰਨ ਲਈ ਹੀ ਤਾਏ ਨੇ ਸਾਜ਼ਿਸ਼ ਰਚੀ ਕਿਉਂਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਲਾ ਮੀਡੀਆ ਮੁਖੀ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਉਹ ਪੁਲਸ ਨੂੰ ਪੂਰਾ ਸਹਿਯੋਗ ਦੇਣਗੇ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ
ਐੱਸ. ਐੱਸ. ਪੀ. ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਥਾਣੇ ਵਿਚ ਕੋਈ ਕੁੱਟ-ਮਾਰ ਨਹੀਂ ਹੋਈ ਪਰ ਹਰਜੋਤ ਦੇ ਰਿਸ਼ਤੇਦਾਰ ਨੇ ਜੋ ਦੋਸ਼ ਲਾਏ ਹਨ ਉਸ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਿਸ ਦੀ ਜਾਂਚ ਲਈ ਡੀ. ਐੱਸ. ਪੀ. ਦੀ ਡਿਊਟੀ ਦੀ ਲਾਈ ਗਈ ਹੈ।