'ਮਨਪ੍ਰੀਤ ਬਾਦਲ' ਦਾ ਪੰਜਾਬ ਦੀ ਜਨਤਾ ਨੂੰ ਹਰ ਜਵਾਬ, ਕਦੇ ਨਹੀਂ ਵਸੂਲਿਆ 'ਸਰਕਾਰੀ ਖਰਚਾ' (ਵੀਡੀਓ)

3/5/2020 7:16:06 PM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸੂਬੇ ਦੇ ਹਰ ਮੁੱਦੇ ਸਬੰਧੀ 'ਜਗਬਾਣੀ' ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਕਾਂਗਰਸ ਸਰਕਾਰ ਦੇ ਹੱਥਾਂ 'ਚ ਰੌਸ਼ਨ ਵੀ ਹੈ ਅਤੇ ਮਹਿਫੂਜ਼ ਵੀ। ਉਨ੍ਹਾਂ ਕਿਹਾ ਕਿ ਸਿਰਫ ਸਸਤੀ ਸ਼ੋਹਰਤ ਲਈ ਮਨਪ੍ਰੀਤ ਬਾਦਲ ਜਾਂ ਫਿਰ ਕਾਂਗਰਸ ਸਰਕਾਰ ਆਪਣੀ ਇਮਾਨਤ 'ਚ ਖਿਆਨਤ ਨਹੀਂ ਕਰ ਸਕਦੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਲਈ ਉਹ ਵੀ ਕਰਜ਼ੇ ਲੈ ਕੇ ਵਾਹੋ-ਵਾਹੀ ਖੱਟ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਆਓ ਜਾਣਦੇ ਹਾਂ ਮਨਪ੍ਰੀਤ ਬਾਦਲ ਨਾਲ ਗੱਲਬਾਤ ਦੇ ਮੁੱਖ ਅੰਸ਼—

ਪੈਟਰੋਲ-ਗੱਡੀਆਂ ਦਾ ਸਰਕਾਰੀ ਖਰਚਾ ਕਦੇ ਨਹੀਂ ਵਸੂਲਿਆ
ਜਦੋਂ ਮਨਪ੍ਰੀਤ ਬਾਦਲ ਨੂੰ ਪੁੱਛਿਆ ਗਿਆ ਕਿ ਖਰਚੇ ਘਟਾਉਣ ਦੀ ਗੱਲ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੰਤਰੀ ਖੁਦ ਸਰਕਾਰੀ ਗੱਡੀਆਂ 'ਚ ਸੁਰੱਖਿਆ ਮੁਲਾਜ਼ਮਾਂ ਸਮੇਤ ਘੁੰਮਦੇ ਹਨ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਗੱਲ ਬਿਲਕੁਲ ਗਲਤ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਰਕਾਰ ਕੋਲੋਂ ਪੈਟਰੋਲ-ਡੀਜ਼ਲ ਦਾ ਖਰਚਾ ਨਹੀਂ ਵਸੂਲਿਆ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੇ ਸੁਰੱਖਿਆ ਕਰਮੀ ਤਾਇਨਾਤ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਯਾਤਰਾ, ਰੇਲ ਯਾਤਰਾ, ਹੋਟਲਾਂ 'ਚ ਰਹਿਣ, ਖਾਣ-ਪੀਣ ਦਾ ਖਰਚਾ ਕਦੇ ਵੀ ਸਰਕਾਰ ਕੋਲੋਂ ਨਹੀਂ ਵਸੂਲਿਆ, ਸਗੋਂ ਇਹ ਸਾਰੇ ਖਰਚੇ ਉਹ ਆਪਣੇ ਪੱਲਿਓਂ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਵੀ ਅੱਜ ਤੱਕ ਨਹੀਂ ਲਈ ਹੈ।

ਮੀਡੀਆ ਤੋਂ ਦੂਰੀ ਦਾ ਦੱਸਿਆ ਕਾਰਨ
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 3 ਸਾਲਾਂ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ ਕਿਉਂਕਿ ਪੰਜਾਬ ਦੇ ਵਿੱਤੀ ਹਾਲਾਤ ਹੀ ਅਜਿਹੇ ਸਨ ਕਿ ਉਨ੍ਹਾਂ ਕੋਲ ਮੀਡੀਆ ਨੂੰ ਦੇਣ ਲਈ ਕੋਈ ਜਵਾਬ ਨਹੀਂ ਸੀ ਪਰ ਹੁਣ ਪੰਜਾਬ ਦੇ ਵਿੱਤੀ ਹਾਲਾਤ ਪਟੜੀ 'ਤੇ ਆ ਗਏ ਹਨ, ਜਿਸ ਦੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ।

ਪੰਜਾਬ ਦੇ ਬਜਟ ਨੇ ਹਰਿਆਣਾ ਦੇ ਬਜਟ ਨੂੰ ਪਛਾੜਿਆ
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ, ਉਸ ਨੇ ਹਰਿਆਣਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅਜਿਹਾ 10-12 ਸਾਲਾਂ ਬਾਅਦ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਜਟ ਦਾ ਸਾਈਜ਼, ਰੈਵੀਨਿਊ ਆਦਿ ਹਰਿਆਣਾ ਦੇ ਬਜਟ ਤੋਂ ਕਿਤੇ ਅੱਗੇ ਸੀ।

ਇਹ ਵੀ ਪੜ੍ਹੋ : ਪੰਜਾਬ ਬਜਟ 2020 : ਮਨਪ੍ਰੀਤ ਬਾਦਲ ਨੇ ਖੋਲ੍ਹਿਆ ਪਿਟਾਰਾ, ਜਾਣੋ ਕਿਹੜੇ ਹੋਏ ਮੁੱਖ ਐਲਾਨ

ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ ਪ੍ਰਾਈਮਰੀ ਸਰਪਲੱਸ ਬਜਟ (ਆਮਦਨ ਜ਼ਿਆਦਾ, ਖਰਚੇ ਘੱਟ) ਪੇਸ਼ ਕੀਤਾ ਹੈ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਦੀ ਜੀ. ਐੱਸ. ਟੀ. ਦੀ ਵਿਕਾਸ ਦਰ ਵੀ ਭਾਰਤ ਦੀ ਔਸਤ ਮੁਤਾਬਕ 2-3 ਪੁਆਇੰਟ ਹੀ ਪਿੱਛੇ ਹੈ ਅਤੇ ਪੰਜਾਬ ਮੁੜ ਤਰੱਕੀ ਦੀ ਰਾਹ ਵੱਲ ਵਧ ਰਿਹਾ ਹੈ।

ਅਕਾਲੀਆਂ ਦੀ ਖੋਲ੍ਹੀ ਪੋਲ
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਅਕਾਲੀਆਂ ਵਲੋਂ ਦਿੱਲੀ ਜਾ ਕੇ 31 ਹਜ਼ਾਰ ਕਰੋੜ ਰੁਪਏ ਆਪਣੇ ਖਾਤੇ 'ਚ ਪੁਆ ਲਏ ਗਏ, ਜਿਸ ਕਾਰਨ ਪੰਜਾਬ ਸਰਕਾਰ ਨੂੰ 20 ਸਾਲਾਂ 'ਚ 57 ਹਜ਼ਾਰ ਕਰੋੜ ਰੁਪਿਆ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਲਈ ਰਕਮ ਦਾ ਹਰ ਮਹੀਨੇ 270 ਕਰੋੜ ਰੁਪਿਆ ਵਿਆਜ ਪੰਜਾਬ ਸਰਕਾਰ ਅਦਾ ਕਰ ਰਹੀ ਹੈ ਅਤੇ ਹੁਣ ਤੱਕ 10 ਹਜ਼ਾਰ, 500 ਕਰੋੜ ਰੁਪਏ ਦਾ ਭੁਗਤਾਨ ਸਰਕਾਰ ਵਲੋਂ ਕੀਤਾ ਜਾ ਚੁੱਕਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਲੋਕਾਂ ਨੇ ਅਕਾਲੀਆਂ ਨੂੰ ਇਸ ਦੀ ਸਜ਼ਾ ਵੋਟਾਂ ਦੇ ਸਮੇਂ ਹੀ ਦੇ ਦਿੱਤੀ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀਆਂ ਨੇ ਜਿਸ ਦਿਨ ਸਰਕਾਰ ਛੱਡੀ ਸੀ ਤਾਂ 7700 ਕਰੋੜ ਰੁਪਏ ਦੀਆਂ ਦੇਣਦਾਰੀਆਂ ਪੰਜਾਬ ਸਰਕਾਰ 'ਤੇ ਸਿਰ ਸਨ ਪਰ 31 ਮਾਰਚ ਨੂੰ ਇਹ ਦੇਣਦਾਰੀਆਂ ਜ਼ੀਰੋ-ਜ਼ੀਰੋ ਹੋ ਜਾਣਗੀਆਂ।

PunjabKesari
ਨਵੀਂ ਟਰਾਂਸਪੋਰਟ ਨੀਤੀ ਢਾਹੇਗੀ ਸੁਖਬੀਰ ਦਾ ਕਿਲਾ
ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਦੇ ਘਾਟੇ 'ਚ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਦੋਹਾਂ ਕੰਪਨੀਆਂ ਦਾ ਕੁੱਲ 200 ਕਰੋੜ ਰੁਪਏ ਦਾ ਘਾਟਾ ਚੱਲ ਰਿਹਾ ਹੈ, ਜਦੋਂ ਕਿ ਇਸ ਦੇ ਉਲਟ ਹਰਿਆਣਾ ਰੋਡਵੇਜ਼ 'ਚ ਇਹ 700-800 ਕਰੋੜ ਰੁਪਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਆਪਣੇ ਫਾਇਦੇ ਵਾਲੀਆਂ ਥਾਵਾਂ 'ਤੇ ਹੀ ਜਾਂਦੀਆਂ ਹਨ, ਜਦੋਂ ਕਿ ਸਰਕਾਰੀ ਬੱਸਾਂ ਉੱਥੇ ਵੀ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨੂੰ ਫਾਇਦਾ ਨਹੀਂ ਹੁੰਦਾ, ਜਿਸ ਕਾਰਨ ਉਹ ਘਾਟੇ 'ਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ 'ਚ ਨਵੀਂ ਟਰਾਂਸਪੋਰਟ ਨੀਤੀ ਆ ਜਾਂਦੀ ਹੈ ਤਾਂ ਸੁਖਬੀਰ ਬਾਦਲ ਦਾ ਟਰਾਂਸਪੋਰਟ ਦਾ ਕਿਲਾ ਵੀ ਢਹਿ-ਢੇਰੀ ਹੋ ਜਾਵੇਗਾ।

ਅਕਾਲੀਆਂ ਨਾਲ ਕੋਈ ਮੈਚ ਫਿਕਸਿੰਗ ਨਹੀਂ
ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਅਕਾਲੀ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਕੋਈ ਮੈਚ ਫਿਕਸਿੰਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਭਰੋਸਾ ਦੁਆ ਸਕਦੇ ਹਨ ਕਿ ਪੰਜਾਬ ਦਾ ਭਵਿੱਖ ਕਾਂਗਰਸ ਸਰਕਾਰ ਦੇ ਹੱਥਾਂ 'ਚ ਮਹਿਫੂਜ਼ ਹੈ ਅਤੇ ਇਸ ਇਮਾਨਤ 'ਚ ਕਦੇ ਵੀ ਖਿਆਨਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਈਮਾਨਦਾਰੀ ਨਾਲ ਸਿਆਸਤ ਕਰ ਰਹੀ ਹੈ ਅਤੇ ਮੈਚ ਫਿਕਸਿੰਗ ਵਾਲੀ ਕੋਈ ਗੱਲ ਨਹੀਂ ਹੈ।

ਇਸ ਲਈ ਦਿਖਾਈ ਨਹੀਂ ਦਿੰਦੇ 'ਮਨਪ੍ਰੀਤ ਬਾਦਲ'
ਜਦੋਂ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਗਿਆ ਕਿ ਉਹ ਕਦੇ ਕਿਤੇ ਸਮਾਰੋਹ, ਜਨਤਕ ਜਗਾ ਜਾਂ ਕਿਸੇ ਪ੍ਰੋਗਰਾਮ 'ਚ ਨਹੀਂ ਦਿਖੇ ਤਾਂ ਉਨ੍ਹਾਂ ਕਿਹਾ ਕਿ ਉਹ 3 ਸਾਲਾਂ 'ਚ ਡੱਬੇ 'ਚ ਬੰਦ ਬੂਟ ਦੀ ਤਰ੍ਹਾਂ ਹਨ ਕਿਉਂਕਿ ਉਨ੍ਹਾਂ ਦਾ ਮਹਿਕਮਾ ਹੀ ਇੰਨਾ ਜ਼ਿੰਮੇਵਾਰਾਨਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਇਸ 'ਚ ਹੀ ਰੁੱਝੇ ਰਹਿੰਦੇ ਹਨ ਅਤੇ ਜੇਕਰ ਉਹ ਕਿਤੇ ਬਾਹਰ ਜਾਣਗੇ ਤਾਂ ਫਿਰ ਕੰਮ ਕਿਸ ਵੇਲੇ ਕਰਨਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਵੀ ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਹੀ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੀ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਹੈ।
 


Babita

Edited By Babita