ਰਵਨੀਤ ਬਿੱਟੂ ਦੇ ਹਮਲੇ ਦਾ ਮਨਪ੍ਰੀਤ ਬਾਦਲ ਵਲੋਂ ਮੋੜਵਾਂ ਜਵਾਬ
Sunday, Dec 22, 2019 - 06:48 PM (IST)

ਬਠਿੰਡਾ : ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਵਿੱਤ ਵਿਭਾਗ ਦੇ ਕੰਮ-ਕਾਜ 'ਤੇ ਚੁੱਕੇ ਗਏ ਸਵਾਲਾਂ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। ਰਵਨੀਤ ਬਿੱਟੂ ਦੇ ਬਿਆਨ 'ਤੇ ਦੋ ਟੁੱਕ 'ਚ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਹਰ ਜਗ੍ਹਾ ਚੁੱਕਣਾ ਠੀਕ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੀਡੀਆ ਸਾਹਮਣੇ ਵਿੱਤ ਮੰਤਰਾਲੇ 'ਤੇ ਸਵਾਲ ਚੁੱਕਣੇ ਸਹੀ ਨਹੀਂ ਹਨ, ਜੇਕਰ ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖ ਸਕਦੇ ਹਨ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਬਠਿੰਡਾ ਪਹੁੰਚੇ ਰਵਨੀਤ ਬਿੱਟੂ ਨੇ ਕਾਂਗਰਸ ਦੇ ਮਾੜੇ ਅਕਸ ਲਈ ਸਿੱਧੇ ਤੌਰ 'ਤੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਸੀ। ਬਿੱਟੂ ਨੇ ਆਖਿਆ ਸੀ ਕਿ ਵਿੱਤ ਮੰਤਰੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ ਹਨ। ਉਨ੍ਹਾਂ ਕਿਹਾ ਸੀ ਕਿ ਆਮ ਲੋਕ ਇਸ ਲਈ ਦੁਖੀ ਹਨ ਕਿਉਂਕਿ ਜ਼ਿਆਦਾਤਰ ਵਿਕਾਸ ਕਾਰਜ ਨਹੀਂ ਹੋ ਰਹੇ। ਵਿਧਾਇਕ ਜਾਂ ਅਧਿਕਾਰੀ ਕਾਂਗਰਸੀ ਵਰਕਰਾਂ ਨੂੰ ਕੰਮ ਕਰਨ ਤੋਂ ਜਵਾਬ ਦੇ ਰਹੇ ਹਨ। ਇਸ ਲਈ ਵਰਕਰਾਂ 'ਚ ਵੀ ਰੋਸ ਹੈ। ਜਿਸਦਾ ਸਪੱਸ਼ਟ ਤੌਰ 'ਤੇ ਕਾਰਨ ਫੰਡਾਂ ਦੀ ਘਾਟ ਹੀ ਹੈ। ਜੇਕਰ ਹਰੇਕ ਵਿਧਾਇਕ ਜਾਂ ਵਿਭਾਗਾਂ ਨੂੰ ਲੋੜੀਂਦੇ ਫੰਡ ਮਿਲੇ ਹੁੰਦੇ ਤਾਂ ਵਰਕਰ ਤੇ ਵਿਧਾਇਕ ਲੋਕਾਂ ਦੇ ਕੰਮ ਕਰਵਾ ਸਕਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ, ਕਿਉਂਕਿ ਵਿੱਤ ਮੰਤਰੀ ਨੇ ਫੰਡਾਂ ਦਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਜ਼ਰੂਰਤ ਹੁੰਦੀ ਹੈ, ਜਿਸਦਾ ਪ੍ਰਬੰਧ ਰਾਜ ਦੇ ਵਿੱਤ ਮੰਤਰੀ ਨੇ ਕਰਨਾ ਹੁੰਦਾ ਹੈ।
ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੰਬੇ ਹੱਥੀਂ ਲੈਂਦਿਆਂ ਇਹ ਵੀ ਕਹਿ ਦਿੱਤਾ ਕਿ ਨਵੇਂ ਬਣੇ ਕਾਂਗਰਸੀਆਂ ਦਾ ਟਾਪ ਦੇ ਮੰਤਰੀ ਬਣਨਾ ਵੀ ਸੂਬੇ ਦੇ ਕਾਂਗਰਸੀਆਂ ਨੂੰ ਚੁੱਭਦਾ ਹੈ। ਜੋ ਕਿ ਜਾਇਜ਼ ਵੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਕਾਂਗਰਸੀ ਹਨ, ਜਿਨ੍ਹਾਂ ਨੇ ਆਪਣੀ ਪੂਰੀ-ਪੂਰੀ ਜ਼ਿੰਦਗੀ ਕਾਂਗਰਸ ਨੂੰ ਦੇ ਦਿੱਤੀ, ਜੋ ਕਿ ਅਜੇ ਵੀ ਉਡੀਕ 'ਚ ਹਨ ਕਿ ਉਨ੍ਹਾਂ ਨੂੰ ਕੁਝ ਹਾਸਲ ਹੋਵੇਗਾ ਪਰ ਉਪਰੋਕਤ ਦਾ ਟਾਪ ਦੇ ਮੰਤਰੀ ਬਣਨਾ ਜਾਇਜ਼ ਨਹੀਂ ਲੱਗਦਾ।