ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਵੱਡੇ ਦੋਸ਼

Monday, Jul 19, 2021 - 11:10 PM (IST)

ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਵੱਡੇ ਦੋਸ਼

ਤਲਬੰਡੀ ਸਾਬੋ (ਮਨੀਸ਼) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਾਂਗਰਸ ਦੇ ਮੰਤਰੀ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ’ਤੇ ਵੱਡਾ ਹਮਲਾ ਬੋਲਿਆ ਹੈ। ਭਾਈ ਦਾਦੂਵਾਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸਰਕਾਰ ਦੇ ਜ਼ੋਰ ਨਾਲ ਗੁਰਦੁਆਰਿਆਂ ’ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਇਤਿਹਾਸਕ ਗੁਰਦੁਆਰਿਆਂ ਤੋਂ ਬਾਅਦ ਖੇਤਰੀ ਗੁਰਦੁਆਰਿਆਂ ਨੂੰ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਆਪਣੇ 10 ਸਾਲਾਂ ਦੇ ਰਾਜ ਵਿਚ ਕਬਜ਼ੇ ਕਰਕੇ ਆਪਣੇ ਪ੍ਰਬੰਧ ਹੇਠ ਕਰ ਲਿਆ ਅਤੇ ਆਪਣੀ ਮਰਜ਼ੀ ਨਾਲ ਆਪਣੀ ਪਾਰਟੀ ਦੇ ਬੰਦੇ ਲਗਾ ਕੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਥਾਪ ਦਿੱਤੇ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੀਆਂ ਰੈਲੀਆਂ ਅਤੇ ਘਰੇਲੂ ਸਮਾਗਮਾਂ ਲਈ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਗੁਰਦੁਆਰਿਆਂ ਵਿਚੋਂ ਕੀਤਾ।

ਇਹ ਵੀ ਪੜ੍ਹੋ : ਪੰਜਾਬ ’ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਕਾਂਗਰਸ ਨੂੰ ਕਪੂਰਥਲਾ ਵਿਚ ਲੱਗਾ ਵੱਡਾ ਝਟਕਾ

ਉਨ੍ਹਾਂ ਨੇ ਆਪਣੀ ਗੰਦੀ ਸਿਆਸਤ ਲਈ ਗੁਰੂ ਘਰਾਂ ਦੇ ਪਲੇਟਫਾਰਮ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚੋਂ ਪੰਥਕ ਕਾਰਜਾਂ ਲਈ ਕੋਈ ਵੀ ਸਹਿਯੋਗ ਦੀ ਆਸ ਨਹੀਂ ਕੀਤੀ ਜਾ ਸਕਦੀ। ਹੁਣ ਵਿਰਲੇ ਵਾਂਝੇ ਜੋ ਗੁਰਦੁਆਰੇ ਉਨ੍ਹਾਂ ਦੇ ਪ੍ਰਬੰਧ ਤੋਂ ਬਚੇ ਸਨ, ਉਨਾਂ ਉੱਪਰ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਅਤੇ ਭਰਾ ਸੁਖਬੀਰ ਸਿੰਘ ਬਾਦਲ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸਰਕਾਰ ਦੇ ਜ਼ੋਰ ਨਾਲ ਗੁਰਦੁਆਰਿਆਂ ’ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਤਾਜ਼ਾ ਮਿਸਾਲ ਗੁਰਦੁਆਰਾ ਸਿੰਘ ਸਭਾ ਬਠਿੰਡਾ ਜੋ ਕਿ ਧਰਮ ਪ੍ਰਚਾਰ ਦੇ ਨਾਲ ਸਿੱਖਿਆ ਦੇ ਵੀ ਇੰਤਜ਼ਾਮ ਕਰਦਾ ਸੀ, ਉਸ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਦੇ ਗੱਲ ਵਿਚ ਕਾਂਗਰਸ ਦੇ ਪੰਜੇ ਵਾਲਾ ਪਰਨਾ ਪਾ ਕੇ ਉਸਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ ਅਤੇ ਸਿੱਖ ਸਭਾ ਦੇ ਪ੍ਰਬੰਧ ਨੂੰ ਸਿੱਧਾ ਆਪਣੇ ਹੇਠ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਕਿਹਾ ਮੇਰਾ ਸਫ਼ਰ ਅਜੇ ਸ਼ੁਰੂ ਹੋਇਆ

ਇਸੇ ਤਰ੍ਹਾਂ ਹੁਣ ਗੁਰਦੁਆਰਾ ਗੁਰੂ ਨਾਨਕ ਵਾੜੀ ਬੱਲਾ ਰਾਮ ਨਗਰ ਬਠਿੰਡਾ ਜਿੱਥੇ ਪਾਰਟੀਬਾਜ਼ੀ ਤੋਂ ਰਹਿਤ ਧਰਮ ਪ੍ਰਚਾਰ ਦੇ ਕਾਰਜ ਚੱਲਦੇ ਸਨ, ਉੱਥੇ ਵੀ ਮਨਪ੍ਰੀਤ ਬਾਦਲ ਨੇ ਆਪਣੇ ਕਰਿੰਦੇ ਭੇਜ ਕੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੀ ਗੈਰ-ਹਾਜ਼ਰੀ ਵਿਚ ਆਪਣਾ ਪ੍ਰਧਾਨ ਥਾਪ ਦਿੱਤਾ ਅਤੇ ਮੈਂਬਰ ਬਣਾਉਣ ਲਈ ਸੰਗਤਾਂ ਨੂੰ ਘਰਾਂ ’ਚ ਫੋਨ ਕੀਤੇ ਜਾ ਰਹੇ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਦਾਦੂਵਾਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਜਿਹੜਾ ਸਿੱਖੀ ਸਿਧਾਂਤਾਂ ਤੋਂ ਕੋਹਾਂ ਦੂਰ ਹੈ, ਕੇਸਾਂ ਦੀ ਬੇਅਦਬੀ ਅਤੇ ਨਸ਼ਿਆਂ ਦੀ ਵਰਤੋਂ ਕਰਦਾ ਹੈ, ਸਰਸੇ ਵਾਲੇ ਪਾਖੰਡੀ ਦਾ ਕੱਟੜ ਸਮਰਥਕ ਹੈ। ਹੁਣ ਉਸਨੇ ਗੁਰੂ ਘਰਾਂ ’ਤੇ ਮੱਸੇ ਰੰਗੜ ਵਾਂਗੂੰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮਨਪ੍ਰੀਤ ਬਾਦਲ ਗੁਰੂਘਰਾਂ ’ਚੋਂ ਧਰਮ ਪ੍ਰਚਾਰ ਬੰਦ ਕਰਕੇ ਆਪਣੀ ਮਰਜ਼ੀ ਚਲਾਉਣੀ ਅਤੇ ਗੁਰੂ ਦੀਆਂ ਗੋਲਕਾਂ ਖਾਣੀਆਂ ਚਾਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਅਹਿਮ ਕਦਮ, ਅਧਿਆਪਕਾਂ ਲਈ ਕੀਤਾ ਇਹ ਫ਼ੈਸਲਾ

ਮਨਪ੍ਰੀਤ ਬਾਦਲ ਨੇ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਲਈ ਆਪਣੇ ਕਰਿੰਦੇ ਜੋ ਪਹਿਲਾਂ ਬਾਦਲਾਂ ਦਾ ਪਿਆਦਾ ਸੀ ਰਾਜਿੰਦਰ ਸਿੰਘ ਸਿੱਧੂ ਉਸ ਨੂੰ ਮੂਹਰੇ ਲਾਇਆ ਹੋਇਆ ਹੈ ਅਤੇ ਉਹ ਸਰਕਾਰੀ ਮੱਦਦ ਨਾਲ ਗੁਰਦੁਆਰਿਆਂ ’ਚ ਜਾ ਕੇ ਮਨਮਰਜ਼ੀ ਦੀਆਂ ਕਮੇਟੀਆਂ ਐਲਾਨ ਕਰ ਰਿਹਾ ਹੈ ਜਦਕਿ ਲੋਕਲ ਸੰਗਤਾਂ ਦਾ ਕੋਈ ਵੀ ਸਹਿਯੋਗ ਨਹੀਂ ਹੈ ਜਿਸ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧਾਂ ’ਤੇ ਕਬਜ਼ਾ ਕਰਕੇ ਬਾਦਲਾਂ ਨੇ ਗੋਲਕਾਂ ਦੀ ਦੁਰਵਰਤੋਂ ਕੀਤੀ ਜਿਸ ਕਾਰਣ ਬਾਦਲਾਂ ਦਾ ਪਤਨ ਹੋਇਆ ਹੁਣ ਮਨਪ੍ਰੀਤ ਬਾਦਲ ਦਾ ਪਤਨ ਵੀ ਨੇੜੇ ਹੈ ਜਿਸਨੂੰ 2022 ਦੀਆਂ ਚੋਣਾਂ ਵਿਚ ਬਠਿੰਡਾ ਵਾਸੀ ਸਬਕ ਸਿਖਾਉਣਗੇ ਜਿਸ ਨੇ ਕਦੇ ਗੁਰੂ ਨਾਨਕ ਹਾਲ ਅਤੇ ਲਾਇਬਰੇਰੀ ਸਿਵਲ ਲਾਈਨ ਬਠਿੰਡਾ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਕਲੀ ਦੀ ਕੂਚੀ ਮਾਰ ਕੇ ਸ਼ਰਾਬ ਦੇ ਅੱਡੇ ਕਲੱਬ ਨੂੰ ਤਰਜੀਹ ਦਿੱਤੀ ਸੀ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿਚ ਨਵਜੋਤ ਸਿੱਧੂ ਦਾ ਪਹਿਲਾ ‘ਛੱਕਾ’

ਨੋਟ - ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਮਨਪ੍ਰੀਤ ਬਾਦਲ ’ਤੇ ਲਗਾਏ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News