ਵਿਧਾਇਕਾਂ ਵਿਚਾਲੇ ਹੋਈ ਧੱਕਾ-ਮੁੱਕੀ ਨੂੰ ਲੈ ਕੇ ਅਕਾਲੀ ਦਲ ਨੇ ਮਨਪ੍ਰੀਤ ਬਾਦਲ ''ਤੇ ਲਗਾਏ ਗੰਭੀਰ ਦੋਸ਼

03/05/2020 1:31:06 PM

ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੰਤਿਮ ਦਿਨ ਅਕਾਲੀ ਵਿਧਾਇਕ ਪਵਨ ਟੀਨੂੰ ਅਤੇ ਕਾਂਗਰਸੀ ਵਿਧਾਇਕਾਂ ਵਿਚਕਾਰ ਹੋਈ ਧੱਕਾ-ਮੁੱਕੀ ਨੂੰ ਲੈ ਕੇ ਅਕਾਲੀ ਵਿਧਾਇਕ ਦਲ ਨੇ ਕਾਂਗਰਸ 'ਤੇ ਗੰਭੀਰ ਦੋਸ਼ ਲਾਏ ਹਨ। ਅਕਾਲੀ ਵਿਧਾਇਕਾਂ ਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਵਨ ਟੀਨੂੰ ਨੂੰ ਗਾਲ੍ਹ ਕੱਢੀ ਅਤੇ ਬਾਕੀ ਕਾਂਗਰਸੀ ਵਿਧਾਇਕਾਂ ਨੂੰ ਟੀਨੂੰ 'ਤੇ ਹਮਲਾ ਕਰਨ ਲਈ ਉਕਸਾਇਆ।

ਅਕਾਲੀ ਵਿਧਾਇਕਾਂ ਨੇ ਇਸ ਨੂੰ ਵਿਸ਼ੇਸ਼ ਅਧਿਕਾਰ ਦਾ ਮਾਮਲਾ ਦੱਸਦਿਆਂ ਸਪੀਕਰ ਨੂੰ ਮੀਮੋ ਸੌਂਪਿਆ ਹੈ। ਅਕਾਲੀ ਵਿਧਾਇਕਾਂ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸੀ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਅਕਾਲੀ ਵਿਧਾਇਕਾਂ ਮੁਤਾਬਿਕ ਇਹ ਘਟਨਾ ਉਸ ਸਮੇਂ ਹੋਈ, ਜਦੋਂ ਟੀਨੂੰ ਨੇ ਵਿਧਾਨ ਸਭਾ 'ਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਬਾਕੀ ਵਜ਼ੀਫ਼ੇ ਦਾ ਮੁੱਦਾ ਚੁੱਕਿਆ ਸੀ। ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਸਪੀਕਰ ਨੂੰ ਇਸ ਨਿੰਦਣਯੋਗ ਘਟਨਾ ਬਾਰੇ ਜਾਣੂ ਕਰਵਾਉਂਦਿਆਂ ਅਕਾਲੀ ਵਿਧਾਇਕ ਦਲ ਨੇ ਦੱਸਿਆ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਸਿਰਫ਼ ਇਸ ਲਈ ਟੀਨੂੰ 'ਤੇ ਸਰੀਰਕ ਹਮਲਾ ਕਰ ਦਿੱਤਾ, ਕਿਉਂਕਿ ਉਹ ਖਜ਼ਾਨਾ ਮੰਤਰੀ ਤੋਂ ਇਹ ਪੁੱਛ ਰਹੇ ਸਨ ਕਿ ਦਲਿਤ ਭਾਈਚਾਰੇ ਲਈ ਆਏ ਫੰਡ ਖਾਸ ਤੌਰ 'ਤੇ ਅਨੁਸੂਚਿਤ ਵਜ਼ੀਫ਼ੇ ਦੀ ਰਾਸ਼ੀ ਕਿਉਂ ਨਹੀਂ ਵੰਡੀ ਜਾ ਰਹੀ?

ਟੀਨੂੰ ਨਾਲ ਕੀਤੀ ਧੱਕਾ-ਮੁੱਕੀ
ਇਸ ਤੋਂ ਬਾਅਦ ਸਾਰੇ ਕਾਂਗਰਸੀ ਆਗੂਆਂ ਨੇ ਟੀਨੂੰ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਡਾ. ਸੁਖਵਿੰਦਰ ਸੁੱਖੀ ਸਮੇਤ ਅਕਾਲੀ ਆਗੂ ਉਨ੍ਹਾਂ ਦੇ ਬਚਾਅ ਲਈ ਨਾ ਆਉਂਦੇ ਤਾਂ ਅਕਾਲੀ ਆਗੂ ਦਾ ਨੁਕਸਾਨ ਹੋ ਜਾਣਾ ਸੀ। ਵਿਧਾਇਕਾਂ ਨੇ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਮਸਲਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕੀਤਾ ਜਾਵੇ, ਕਿਉਂਕਿ ਇਕ ਦਲਿਤ ਨੇਤਾ ਦੀ ਵਿਧਾਨ ਸਭਾ 'ਚ ਖ਼ਜ਼ਾਨਾ ਮੰਤਰੀ ਅਤੇ ਮੰਤਰੀਆਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ਵਲੋਂ ਬੇਇੱਜ਼ਤੀ ਕੀਤੀ ਗਈ ਹੈ। ਇਸ ਮਸਲੇ 'ਤੇ ਸਪੀਕਰ ਨੂੰ ਮਿਲਣ ਵਾਲੇ ਅਕਾਲੀ ਵਿਧਾਇਕਾਂ 'ਚ ਬਿਕਰਮ ਸਿੰਘ ਮਜੀਠੀਆ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਰੋਜੀ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਦੇਵ ਖਹਿਰਾ ਅਤੇ ਡਾ. ਸੁਖਵਿੰਦਰ ਸੁੱਖੀ ਸ਼ਾਮਲ ਸਨ।


Anuradha

Content Editor

Related News